-ਮਾਮਲੇ ‘ਚ ਇਕ ਹੋਰ ਵਿਦਿਆਰਥੀ ਗ੍ਰਿਫਤਾਰ
ਸੈਕਰਾਮੈਂਟੋ, 27 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੈਂਪਬੈਲਸਵਿਲੇ ਯੁਨੀਵਰਸਿਟੀ, ਕੈਂਟੁਕੀ ਵਿਚ ਇਕ ਵਿਦਿਆਰਥੀ ਮ੍ਰਿਤਕ ਹਾਲਤ ਵਿਚ ਮਿਲਿਆ ਹੈ ਤੇ ਇਸ ਮਾਮਲੇ ਵਿਚ ਇਕ ਹੋਰ ਵਿਦਿਆਰਥੀ ਨੂੰ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਯੂਨੀਵਰਸਿਟੀ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਜੋਸੀਆਹ ਮਲਾਚੀ ਕਿਲਮੈਨ (18) ਨਾਮੀ ਵਿਦਿਆਰਥੀ ਨੂੰ ਆਪਣੇ ਕਮਰੇ ਵਿਚ ਬੇਸੁੱਧ ਪਾਇਆ ਗਿਆ, ਜਿਸ ਨੂੰ ਬਾਅਦ ਵਿਚ ਹਸਪਤਾਲ ਵਿਚ ਮ੍ਰਿਤਕ ਐਲਾਨ ਦਿੱਤਾ ਗਿਆ। ਹਾਲਾਂਕਿ ਮੌਤ ਦੇ ਕਾਰਨ ਬਾਰੇ ਅਜੇ ਕੁਝ ਨਹੀਂ ਕਿਹਾ ਗਿਆ ਪਰੰਤੂ ਪੁਲਿਸ ਨੇ ਕਿਹਾ ਹੈ ਕਿ ਇਸ ਮਾਮਲੇ ਵਿਚ ਯੂਨੀਵਰਸਿਟੀ ਦੇ ਇਕ ਹੋਰ ਵਿਦਿਆਰਥੀ ਚਾਰਲਸ ਈ ਐਸਕਲੇਰਾ (21) ਨੂੰ ਹੱਤਿਆ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਨੂੰ ਟੇਲਰ ਕਾਊਂਟੀ ਡੀਟੈਨਸ਼ਨ ਸੈਂਟਰ ਵਿਚ ਰੱਖਿਆ ਗਿਆ ਹੈ।