#PUNJAB

ਅਮਰੀਕੀ ਫੌਜ ਦਾ ਮੇਜਰ ਸਿਮਰ ਸਿੰਘ ਬਣਿਆ ਲੈਫਟੀਨੈਂਟ ਕਰਨਲ

ਵਾਸ਼ਿੰਗਟਨ, 29 ਨਵੰਬਰ (ਪੰਜਾਬ ਮੇਲ)- ਡਿਪਟੀ ਕਮਾਂਡਰ ਮੇਜਰ ਸਿਮਰਤਪਾਲ ਸਿਮਰ ਸਿੰਘ ਨੂੰ ਯੂ.ਐੱਸ. ਆਰਮੀ ਕੋਰ ਆਫ਼ ਇੰਜੀਨੀਅਰਜ਼ (ਜਾਪਾਨ ਇੰਜੀਨੀਅਰ ਦੀ ਬਰਾਂਚ) ਦੇ ਲੈਫਟੀਨੈਂਟ ਕਰਨਲ ਵਜੋਂ ਤਰੱਕੀ ਦਿੱਤੀ ਗਈ ਹੈ। ਇਹ ਤਰੱਕੀ ਸਿਮਰ ਸਿੰਘ ਨੂੰ ਕੈਂਪ ਜ਼ਾਮਾ ਵਿਚ ਜ਼ਿਲ੍ਹਾ ਹੈੱਡਕੁਆਰਟਰ ਵਿਚ ਇੱਕ ਸਮਾਰੋਹ ਦੌਰਾਨ ਦਿੱਤੀ ਗਈ। ਇਸ ਸਬੰਧੀ ਸਮਾਗਮ ਜੇ.ਈ.ਡੀ. ਕਮਾਂਡਰ ਕਰਨਲ ਪੈਟ੍ਰਿਕ ਬਿਗਸ ਦੀ ਅਗਵਾਈ ਹੇਠ ਕਰਵਾਇਆ ਗਿਆ ਤੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ। ਇਹ ਸਮਾਗਮ 26 ਨਵੰਬਰ ਨੂੰ ਹੋਇਆ।
ਸਿਮਰ ਸਿੰਘ ਦੇ ਮਾਪੇ ਸੁਖਬੀਰ ਸਿੰਘ ਅਤੇ ਜਸਵੀਰ ਕੌਰ ਨੇ ਪਰਿਵਾਰ, ਦੋਸਤਾਂ ਅਤੇ ਸਹਿਯੋਗੀਆਂ ਸਾਹਮਣੇ ਆਪਣੇ ਪੁੱਤਰ ਦੇ ਨਵੇਂ ਰੈਂਕ ਦਾ ਫੀਤਾ ਲਾਇਆ। ਸਿਮਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹਰ ਮੁਕਾਮ ‘ਤੇ ਸਾਥੀਆਂ ਤੇ ਅਧਿਕਾਰੀਆਂ ਨੇ ਸਮਰਥਨ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੇਸ਼ ਨੇ ਵੀ ਬਹੁਤ ਵੱਡਾ ਮਾਣ ਬਖਸ਼ਿਆ। ਉਹ ਇਸ ਵੇਲੇ ਅਮਰੀਕਾ-ਜਾਪਾਨ ਦੇ ਚਲਾਏ ਜਾ ਰਹੇ ਮਿਸ਼ਨ ਤੇ ਪ੍ਰੋਗਰਾਮ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਦੀ ਤਰੱਕੀ ਉਨ੍ਹਾਂ ਦੀ ਲੀਡਰਸ਼ਿਪ ਅਤੇ ਸੰਯੁਕਤ ਰਾਜ ਅਮਰੀਕਾ ਵੱਲੋਂ ਗੁੰਝਲਦਾਰ ਕੰਮਾਂ ਨੂੰ ਨੇਪਰੇ ਚਾੜ੍ਹਨ ਦੀ ਮੁਹਾਰਤ ਨੂੰ ਦਰਸਾਉਂਦੀ ਹੈ।
ਸਿਮਰ ਸਿੰਘ ਨੇ 15 ਸਾਲਾਂ ਤੋਂ ਵੱਧ ਸਮੇਂ ਦੌਰਾਨ ਇੰਜੀਨੀਅਰ, ਮੁੱਖ ਕਮਾਂਡ ਅਤੇ ਸਟਾਫ ਸੇਵਾਵਾਂ ਵਿਚੋਂ ਆਪਣਾ ਕਰੀਅਰ ਬਣਾਇਆ। ਉਨ੍ਹਾਂ ਆਪਣੀ ਸੇਵਾ ਦੂਜੀ ਸਟ੍ਰਾਈਕਰ ਬ੍ਰਿਗੇਡ, ਦੂਜੀ ਇਨਫੈਂਟਰੀ ਡਿਵੀਜ਼ਨ ਨਾਲ ਸ਼ੁਰੂ ਕੀਤੀ, ਜਿੱਥੇ ਉਨ੍ਹਾਂ ਇੱਕ ਸਹਾਇਕ ਬ੍ਰਿਗੇਡ ਇੰਜੀਨੀਅਰ ਅਤੇ ਪਲਟੂਨ ਲੀਡਰ ਵਜੋਂ ਕੰਮ ਕੀਤਾ।