ਵਾਸ਼ਿੰਗਟਨ ਡੀ.ਸੀ., 8 ਅਕਤੂਬਰ (ਪੰਜਾਬ ਮੇਲ)-ਵਿਸ਼ਵ ਭਰ ‘ਚ ਅੱਜਕੱਲ੍ਹ ਇਹ ਖਬਰ ਅੱਗ ਵਾਂਗ ਫੈਲ ਗਈ ਹੈ ਕਿ ਅਮਰੀਕੀ ਫੌਜ ਵਿਚ ਹੁਣ ਦਾੜ੍ਹੀ ਅਤੇ ਵਾਲ ਰੱਖ ਕੇ ਡਿਊਟੀ ਨਹੀਂ ਨਿਭਾਈ ਜਾ ਸਕੇਗੀ, ਜਿਸ ਕਰਕੇ ਬਹੁਤ ਸਾਰੇ ਫੌਜੀਆਂ ਨੂੰ ਉਥੋਂ ਕੱਢ ਦਿੱਤਾ ਜਾਵੇਗਾ। ਇਸ ਖਬਰ ਦਾ ਸਿੱਖ ਕੌਮ ‘ਤੇ ਕਾਫੀ ਗਹਿਰਾ ਅਸਰ ਪਿਆ ਹੈ, ਇਥੋਂ ਤੱਕ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਮੁੱਦੇ ਨੂੰ ਉਛਾਲਿਆ ਹੈ ਅਤੇ ਇਸ ਨੂੰ ਹੱਲ ਕਰਨ ਦੀ ਅਪੀਲ ਕੀਤੀ ਹੈ। ਪਰ ਇਸ ਦੀ ਅਸਲੀਅਤ ਕੁੱਝ ਹੋਰ ਹੀ ਹੈ। ਅਮਰੀਕੀ ਰੱਖਿਆ ਸਕੱਤਰ ਪੀਟ ਹੈਗਸੈੱਠ ਨੇ ਇਹ ਹੁਕਮ ਦਿੱਤੇ ਸਨ ਕਿ ਅਮਰੀਕੀ ਫੌਜ ਵਿਚ ਹੁਣ ਲੰਬੇ ਵਾਲ ਅਤੇ ਦਾੜ੍ਹੀ ਨਹੀਂ ਰੱਖੇ ਜਾ ਸਕਣਗੇ। ਪਰ ਇਸਦਾ ਦੂਜਾ ਪੱਖ ਇਹ ਵੀ ਹੈ ਕਿ ਉਨ੍ਹਾਂ ਨੇ ਇਹ ਵੀ ਬਿਆਨ ਦਿੱਤਾ ਹੈ ਕਿ ਜਿਸ ਕਿਸੇ ਦੇ ਵੀ ਧਰਮ ਵਿਚ ਦਾੜ੍ਹੀ ਅਤੇ ਕੇਸ ਰੱਖਣੇ ਜ਼ਰੂਰੀ ਹਨ, ਉਹ ਕੇਸ ਬਾਈ ਕੇਸ ਉਸਨੂੰ ਇਨ੍ਹਾਂ ਹੁਕਮਾਂ ਤੋਂ ਛੋਟ ਦੇਣਗੇ। ਇਹ ਛੋਟ ਲੈਣ ਲਈ ਉਸ ਫੌਜੀ ਨੂੰ ਇਹ ਸਾਬਤ ਕਰਨਾ ਪਵੇਗਾ ਕਿ ਉਸਦੇ ਧਰਮ ਵਿਚ ਦਾੜ੍ਹੀ ਰੱਖਣੀ ਜ਼ਰੂਰੀ ਹੈ। ਪੰਜਾਬ ‘ਚ ਬੈਠੇ ਸਿੱਖ ਸਿਆਸਤਦਾਨਾਂ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਹੁਕਮਾਂ ਬਾਰੇ ਦੁਬਾਰਾ ਪੜਤਾਲ ਕਰਨ ਅਤੇ ਉਹੀ ਬਿਆਨ ਦੇਣ, ਜਿਸ ਨਾਲ ਕਿ ਦੋਵਾਂ ਦੇਸ਼ਾਂ ਵਿਚ ਕੋਈ ਕੁੜੱਤਣ ਨਾ ਪੈਦਾ ਹੋਵੇ, ਸਗੋਂ ਆਪਸੀ ਪਿਆਰ ਸਤਿਕਾਰ ਵਧੇ। ਅਮਰੀਕੀ ਫੌਜ ਦੁਨੀਆਂ ਦੀ ਸਭ ਤੋਂ ਸ਼ਕਤੀਸ਼ਾਲੀ ਫੌਜ ਹੈ ਤੇ ਇਸ ਦੇ ਰੂਲ-ਅਸੂਲ ਬਾਕੀ ਦੁਨੀਆਂ ਨਾਲੋਂ ਵੱਖਰੇ ਹਨ ਪਰ ਫਿਰ ਵੀ ਉਨ੍ਹਾਂ ਧਰਮ ਦਾ ਸਤਿਕਾਰ ਕਰਦਿਆਂ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਇਨ੍ਹਾਂ ਹੁਕਮਾਂ ਤੋਂ ਛੋਟ ਦੇਣ ਦਾ ਐਲਾਨ ਕੀਤਾ ਹੈ।
ਅਮਰੀਕੀ ਫੌਜ ‘ਚ ਸਿੱਖ ਕੌਮ ਨੂੰ ਕੇਸ ਅਤੇ ਦਾੜ੍ਹੀ ਦਾ ਕੋਈ ਮਸਲਾ ਨਹੀਂ
