#AMERICA

ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ‘ਚ ਕਟੌਤੀ ਨਾ ਕਰਨ ‘ਤੇ ਸ਼ੇਅਰ ਬਾਜ਼ਾਰਾਂ ‘ਚ ਮਚੀ ਹਾਹਾਕਾਰ

ਵਾਸ਼ਿੰਗਟਨ, 20 ਮਾਰਚ (ਪੰਜਾਬ ਮੇਲ)- ਪੱਛਮੀ ਏਸ਼ੀਆ ਦੇ ਸੰਕਟ ਅਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਪੈਦਾ ਹੋਈ ਗਲੋਬਲ ਅਨਿਸ਼ਚਿਤਤਾ ਦੇ ਵਿਚਕਾਰ, ਅਮਰੀਕੀ ਕੇਂਦਰੀ ਬੈਂਕ ‘ਫੈਡਰਲ ਰਿਜ਼ਰਵ’ ਨੇ ਵਿਆਜ ਦਰਾਂ ਨੂੰ ਲੈ ਕੇ ਅਹਿਮ ਫੈਸਲਾ ਸੁਣਾਇਆ ਹੈ। ਬੁੱਧਵਾਰ ਨੂੰ ਖਤਮ ਹੋਈ ਦੋ ਦਿਨਾਂ ਬੈਠਕ ਤੋਂ ਬਾਅਦ ਫੈਡਰਲ ਰਿਜ਼ਰਵ ਨੇ ਬਾਜ਼ਾਰ ਦੀਆਂ ਉਮੀਦਾਂ ਦੇ ਉਲਟ ਰੇਪੋ ਦਰਾਂ ਵਿਚ ਕੋਈ ਕਟੌਤੀ ਨਹੀਂ ਕੀਤੀ ਅਤੇ ਇਨ੍ਹਾਂ ਨੂੰ ਸਥਿਰ ਰੱਖਣ ਦਾ ਫੈਸਲਾ ਕੀਤਾ ਹੈ।
ਫੈਡਰਲ ਰਿਜ਼ਰਵ ਦੀ ਕਮੇਟੀ ਨੇ ਦਰਾਂ ਨੂੰ 3.5 ਤੋਂ 3.75 ਫੀਸਦੀ ਦੇ ਵਿਚਕਾਰ ਸਥਿਰ ਰੱਖਣ ਦਾ ਫੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਕਮੇਟੀ ਦੇ 12 ਵਿਚੋਂ 11 ਮੈਂਬਰਾਂ ਨੇ ਇਸ ਫੈਸਲੇ ਦੇ ਪੱਖ ਵਿਚ ਵੋਟ ਪਾਈ, ਜਦੋਂ ਕਿ ਸਿਰਫ ਇੱਕ ਮੈਂਬਰ ਸਟੀਫਨ ਮਾਈਰਨ ਚੌਥਾਈ ਫੀਸਦੀ ਕਟੌਤੀ ਦੇ ਪੱਖ ਵਿਚ ਸਨ।
ਫੈਡਰਲ ਰਿਜ਼ਰਵ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਹਾਲਾਂਕਿ ਆਰਥਿਕ ਵਿਕਾਸ ਮਜ਼ਬੂਤ ਹੈ, ਪਰ ਪਿਛਲੇ ਕੁਝ ਮਹੀਨਿਆਂ ਵਿਚ ਰੁਜ਼ਗਾਰ ਦੀ ਰਫਤਾਰ ਸੁਸਤ ਰਹੀ ਹੈ ਅਤੇ ਮਹਿੰਗਾਈ ਅਜੇ ਵੀ ਉੱਚੇ ਪੱਧਰ ‘ਤੇ ਬਣੀ ਹੋਈ ਹੈ। ਫੈਡਰਲ ਰਿਜ਼ਰਵ ਦੇ ਪ੍ਰਧਾਨ ਜੇਰੋਮ ਪਾਵੇਲ ਨੇ ਸਪੱਸ਼ਟ ਕੀਤਾ ਕਿ ਮਹਿੰਗਾਈ ਵਿਚ ਜਿੰਨੀ ਕਮੀ ਦੀ ਉਮੀਦ ਸੀ, ਉਨੀ ਦੇਖਣ ਨੂੰ ਨਹੀਂ ਮਿਲੀ। ਫਿਲਹਾਲ ਮਹਿੰਗਾਈ ਦਰ ਟੀਚੇ (2 ਫੀਸਦੀ) ਤੋਂ ਲਗਭਗ ਇੱਕ ਫੀਸਦੀ ਉੱਪਰ ਚੱਲ ਰਹੀ ਹੈ।
ਅਮਰੀਕੀ ਕੇਂਦਰੀ ਬੈਂਕ ਦੇ ਇਸ ਫੈਸਲੇ ਨੇ ਨਿਵੇਸ਼ਕਾਂ ਨੂੰ ਨਿਰਾਸ਼ ਕੀਤਾ ਹੈ। ਬਾਜ਼ਾਰ ਨੂੰ ਉਮੀਦ ਸੀ ਕਿ ਵਿਆਜ ਦਰਾਂ ਵਿਚ ਕਟੌਤੀ ਕੀਤੀ ਜਾਵੇਗੀ, ਪਰ ਅਜਿਹਾ ਨਾ ਹੋਣ ਕਾਰਨ ਅਮਰੀਕੀ ਸ਼ੇਅਰ ਬਾਜ਼ਾਰ ਲਗਭਗ ਡੇਢ ਫੀਸਦੀ ਤੱਕ ਡਿੱਗ ਗਏ।
ਅਨਿਸ਼ਚਿਤਤਾਵਾਂ ਦੇ ਬਾਵਜੂਦ, ਫੈਡਰਲ ਰਿਜ਼ਰਵ ਨੇ ਸੰਕੇਤ ਦਿੱਤਾ ਹੈ ਕਿ ਇਸ ਸਾਲ ਦੇ ਅੰਤ ਤੱਕ ਇੱਕ ਚੌਥਾਈ ਫੀਸਦੀ ਕਟੌਤੀ ਦੀ ਸੰਭਾਵਨਾ ਬਣੀ ਹੋਈ ਹੈ, ਹਾਲਾਂਕਿ ਮਹਿੰਗਾਈ ਦਾ ਅਨੁਮਾਨ ਪਹਿਲਾਂ ਦੀ ਤੁਲਨਾ ਵਿਚ ਵਧਾ ਦਿੱਤਾ ਗਿਆ ਹੈ।