#AMERICA

ਅਮਰੀਕੀ ਪ੍ਰਸ਼ਾਸਨ ਵੱਲੋਂ ਵਿਦੇਸ਼ੀ ਕਾਮਿਆਂ ਲਈ ਵਰਕ ਪਰਮਿਟ ਦੀ ਆਟੋਮੈਟਿਕ ਐਕਸਟੈਂਸ਼ਨ ਦੀ ਸਹੂਲਤ ਖ਼ਤਮ

– ਲੱਖਾਂ ਪ੍ਰਵਾਸੀਆਂ ‘ਤੇ ਅਸਰ ਪੈਣ ਦੀ ਉਮੀਦ
ਵਾਸ਼ਿੰਗਟਨ, 30 ਅਕਤਬੂਰ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (ਡੀ.ਐੱਚ.ਐੱਸ.) ਨੇ ਇੱਕ ਵੱਡਾ ਐਲਾਨ ਕਰਦਿਆਂ ਵਿਦੇਸ਼ੀ ਕਾਮਿਆਂ ਲਈ ਵਰਕ ਪਰਮਿਟ ਦੀ ਆਟੋਮੈਟਿਕ ਐਕਸਟੈਂਸ਼ਨ ਦੀ ਸਹੂਲਤ ਨੂੰ ਖ਼ਤਮ ਕਰ ਦਿੱਤਾ ਹੈ।
ਇਸ ਬਦਲਾਅ ਦਾ ਅਸਰ ਲੱਖਾਂ ਪ੍ਰਵਾਸੀਆਂ ‘ਤੇ ਪੈਣ ਦੀ ਉਮੀਦ ਹੈ, ਖਾਸ ਕਰਕੇ ਭਾਰਤੀਆਂ ‘ਤੇ, ਜੋ ਅਮਰੀਕਾ ਵਿਚ ਵਿਦੇਸ਼ੀ ਕਰਮਚਾਰੀਆਂ ਦਾ ਇੱਕ ਵੱਡਾ ਹਿੱਸਾ ਹਨ। ਵਿਭਾਗ ਦੇ ਬਿਆਨ ਅਨੁਸਾਰ, ਜਿਹੜੇ ਪ੍ਰਵਾਸੀ 30 ਅਕਤੂਬਰ, 2025 ਨੂੰ ਜਾਂ ਉਸ ਤੋਂ ਬਾਅਦ ਆਪਣੇ ਵਰਕ ਪਰਮਿਟ ਨੂੰ ਰਿਨਿਊ ਕਰਨ ਲਈ ਅਰਜ਼ੀ ਦੇਣਗੇ, ਉਨ੍ਹਾਂ ਨੂੰ ਹੁਣ ਆਟੋਮੈਟਿਕ ਐਕਸਟੈਂਸ਼ਨ ਨਹੀਂ ਮਿਲੇਗੀ। ਹਾਲਾਂਕਿ, ਜਿਹੜੇ ਵਰਕ ਪਰਮਿਟ ਇਸ ਤਾਰੀਖ ਤੋਂ ਪਹਿਲਾਂ ਵਧਾਏ ਗਏ ਹਨ, ਉਹ ਵੈਲਿਡ ਰਹਿਣਗੇ।
ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਇਹ ਨਵਾਂ ਨਿਯਮ ਦੇਸ਼ ਨੂੰ ਸੁਰੱਖਿਅਤ ਰੱਖਣ ਅਤੇ ਰਾਸ਼ਟਰੀ ਸੁਰੱਖਿਆ ਦੀ ਰੱਖਿਆ ਲਈ ਮਜ਼ਬੂਤ ਜਾਂਚ ‘ਤੇ ਕੇਂਦ੍ਰਿਤ ਹੈ। ਇਹ ਫੈਸਲਾ ਸਾਬਕਾ ਰਾਸ਼ਟਰਪਤੀ ਬਾਇਡਨ ਦੇ ਪ੍ਰਸ਼ਾਸਨ ਦੇ ਅਧੀਨ ਲਾਗੂ ਕੀਤੀ ਗਈ ਪਿਛਲੀ ਨੀਤੀ ਨੂੰ ਖਤਮ ਕਰਦਾ ਹੈ। ਬਾਇਡਨ ਪ੍ਰਸ਼ਾਸਨ ਦੀ ਨੀਤੀ ਤਹਿਤ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਵਰਕ ਪਰਮਿਟ ਦੀ ਮਿਆਦ ਪੁੱਗਣ ਤੋਂ ਬਾਅਦ ਵੀ 540 ਦਿਨਾਂ ਤੱਕ ਕੰਮ ਜਾਰੀ ਰੱਖਣ ਦੀ ਇਜਾਜ਼ਤ ਮਿਲ ਜਾਂਦੀ ਸੀ, ਬਸ਼ਰਤੇ ਉਨ੍ਹਾਂ ਨੇ ਸਮੇਂ ਸਿਰ ਨਵੀਨੀਕਰਨ ਲਈ ਅਰਜ਼ੀ ਦਿੱਤੀ ਹੋਵੇ।