#AMERICA

ਅਮਰੀਕੀ ਨਿਵੇਸ਼ ਬੈਂਕ ‘ਜੈਫਰੀਜ਼’ ਵੱਲੋਂ ਖੁਲਾਸਾ: ਟਰੰਪ ਨੇ ਭਾਰਤ ਨਾਲ ਨਾਰਾਜ਼ਗੀ ਕਰਕੇ ਲਾਏ ਟੈਰਿਫ਼!

ਵਾਸ਼ਿੰਗਟਨ, 30 ਅਗਸਤ (ਪੰਜਾਬ ਮੇਲ)- ਅਮਰੀਕੀ ਨਿਵੇਸ਼ ਬੈਂਕ ‘ਜੈਫਰੀਜ਼’ ਨੇ ਖੁਲਾਸਾ ਕੀਤਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ‘ਤੇ 50 ਫ਼ੀਸਦੀ ਟੈਰਿਫ਼ ਇਸ ਲਈ ਲਗਾਏ ਕਿਉਂਕਿ ਉਹ ਭਾਰਤ ਅਤੇ ਪਾਕਿਸਤਾਨ ਵਿਚਾਲੇ ਕਸ਼ਮੀਰ ਮਸਲੇ ‘ਤੇ ਵਿਚੋਲਗੀ ਕਰਨ ਵਿਚ ਅਸਫਲ ਰਹੇ।
ਰਿਪੋਰਟ ਮੁਤਾਬਕ ਟਰੰਪ ਦੀ ਨੀਤੀ ”ਸੌਦਾ ਕਰਨ ਦੀ ਰਾਜਨੀਤੀ” ‘ਤੇ ਆਧਾਰਿਤ ਸੀ, ਜਿਸ ਵਿਚ ਉਹ ਦੇਸ਼ਾਂ ਨੂੰ ਵਪਾਰਕ ਦਬਾਅ ਰਾਹੀਂ ਆਪਣੀਆਂ ਗੱਲਾਂ ਮਨਵਾਉਣ ਲਈ ਮਜਬੂਰ ਕਰਦੇ ਹਨ।
ਜੈਫਰੀਜ਼ ਦੀ ਰਿਪੋਰਟ ਵਿਚ ਕਿਹਾ ਗਿਆ ਕਿ ਟਰੰਪ ਨੇ ਕਈ ਵਾਰ ਜਨਤਕ ਤੌਰ ‘ਤੇ ਦਾਅਵਾ ਕੀਤਾ ਕਿ ਉਹ ਕਸ਼ਮੀਰ ਮੁੱਦੇ ਦਾ ਹੱਲ ਕਰਨਾ ਚਾਹੁੰਦੇ ਹਨ ਤੇ ਉਨ੍ਹਾਂ ਨੇ ਭਾਰਤ-ਪਾਕਿ ਵਿਚਾਲੇ ਜੰਗ ਵੀ ਰੁਕਵਾਈ, ਪਰ ਭਾਰਤ ਨੇ ਇਸ ਮੁੱਦੇ ‘ਤੇ ਕਿਸੇ ਵੀ ਬਾਹਰੀ ਦਖ਼ਲਅੰਦਾਜ਼ੀ ਨੂੰ ਸਖ਼ਤੀ ਨਾਲ ਰੱਦ ਕਰ ਦਿੱਤਾ। ਇਸ ਤੋਂ ਬਾਅਦ ਟਰੰਪ ਨੇ ਭਾਰਤ ‘ਤੇ ਟੈਰਿਫ਼ ਲਗਾ ਕੇ ਆਪਣੀ ਨਾਰਾਜ਼ਗੀ ਜਤਾਈ।
ਜ਼ਿਕਰਯੋਗ ਹੈ ਕਿ ਟਰੰਪ ਦੇ ਕਾਰਜਕਾਲ ਦੌਰਾਨ ਅਮਰੀਕਾ-ਭਾਰਤ ਵਪਾਰਕ ਸਬੰਧ ਕਈ ਵਾਰ ਤਣਾਅ ਦਾ ਸ਼ਿਕਾਰ ਹੋ ਚੁੱਕੇ ਹਨ। ਖ਼ਾਸਕਰ, ਸਟੀਲ, ਐਲੂਮੀਨੀਅਮ ਅਤੇ ਹੋਰ ਨਿਰਯਾਤ ਉਤਪਾਦਾਂ ‘ਤੇ ਲੱਗੇ ਭਾਰੀ ਟੈਰਿਫ਼ਾਂ ਨੇ ਭਾਰਤੀ ਵਪਾਰ ‘ਤੇ ਵੱਡਾ ਅਸਰ ਪਾਇਆ ਹੈ।
ਮੌਜੂਦਾ ਸਮੇਂ ਵਿਚ ਅਮਰੀਕੀ ਅਦਾਲਤਾਂ ਨੇ ਟਰੰਪ ਵੱਲੋਂ ਲਗਾਏ ਕਈ ਟੈਰਿਫ਼ਾਂ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਹੈ। ਇਸ ਦੇ ਬਾਵਜੂਦ, ਟਰੰਪ ਦਾ ਰੁਖ਼ ਇਹ ਰਿਹਾ ਹੈ ਕਿ ”ਸਾਰੇ ਟੈਰਿਫ਼ ਅਜੇ ਵੀ ਲਾਗੂ ਹਨ”, ਜਿਸ ਨਾਲ ਭਵਿੱਖ ਵਿਚ ਦੋਨਾਂ ਦੇਸ਼ਾਂ ਵਿਚਾਲੇ ਵਪਾਰਕ ਸਬੰਧਾਂ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ।