-50 ਲੱਖ ਅਮਰੀਕੀਆਂ ਦੇ ਜੀਵਨ ਸਾਥੀ ਗੈਰਕਾਨੂੰਨੀ ਪ੍ਰਵਾਸੀ ਜਾਂ ਗੈਰਕਾਨੂੰਨੀ ਪ੍ਰਵਾਸੀਆਂ ਦੇ ਬਾਲਗ ਹੋ ਚੁੱਕੇ ਬੱਚੇ ਹਨ
ਵਾਸ਼ਿੰਗਟਨ, 12 ਜੂਨ (ਪੰਜਾਬ ਮੇਲ)- ਅਮਰੀਕਾ ਵਿਚ ਪੱਕੇ ਹੋਣ ਦੀ ਉਡੀਕ ਕਰ ਰਹੇ ਲੱਖਾਂ ਪ੍ਰਵਾਸੀਆਂ ਲਈ ਚੰਗੀ ਖ਼ਬਰ ਹੈ। ਅਸਲ ਵਿਚ ਬਾਈਡੇਨ ਸਰਕਾਰ ਇਕ ਨਵੀਂ ਨੀਤੀ ‘ਤੇ ਵਿਚਾਰ ਕਰ ਰਹੀ ਹੈ ਜਿਸ ਤਹਿਤ ਅਮਰੀਕੀ ਨਾਗਰਿਕਾਂ ਨਾਲ ਵਿਆਹ ਕਰਵਾਉਣ ਵਾਲੇ ਉਨ੍ਹਾਂ ਪ੍ਰਵਾਸੀਆਂ ਨੂੰ ਗਰੀਨ ਕਾਰਡ ਹਾਸਲ ਕਰਨ ਦਾ ਮੌਕਾ ਮਿਲੇਗਾ ਜੋ ਗੈਰਕਾਨੂੰਨੀ ਤਰੀਕੇ ਨਾਲ ਮੁਲਕ ਵਿਚ ਦਾਖਲ ਹੋਏ। ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੀ ਰਿਪੋਰਟ ਮੁਤਾਬਕ ਤਕਰੀਬਨ 50 ਲੱਖ ਅਮਰੀਕੀਆਂ ਦੇ ਜੀਵਨ ਸਾਥੀ ਗੈਰਕਾਨੂੰਨੀ ਪ੍ਰਵਾਸੀ ਹਨ ਜਾਂ ਉਹ ਗੈਰਕਾਨੂੰਨੀ ਪ੍ਰਵਾਸੀਆਂ ਦੇ ਬਾਲਗ ਹੋ ਚੁੱਕੇ ਬੱਚੇ ਹਨ। ਚੋਣਾਂ ਦੇ ਮੱਦੇਨਜ਼ਰ ਇਹ ਨੀਤੀ ਬੇਹੱਦ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ ਅਤੇ ਐਰੀਜ਼ੋਨਾ, ਜਾਰਜੀਆ ਅਤੇ ਨੇਵਾਡਾ ਵਰਗੇ ਰਾਜਾਂ ਵਿਚ ਡੈਮੋਕ੍ਰੈਟਿਕ ਪਾਰਟੀ ਦੀਆਂ ਵੋਟਾਂ ਵਧ ਸਕਦੀਆਂ ਹਨ।
ਅਮੈਰਿਕਨ ਇਮੀਗ੍ਰੇਸ਼ਨ ਬਿਜ਼ਨਸ ਕੌਂਸਲ ਦਾ ਕਹਿਣਾ ਹੈ ਕਿ ਇਨ੍ਹਾਂ ਰਾਜਾਂ ‘ਚ ਇਕ ਲੱਖ ਤੋਂ ਵੱਧ ਵੋਟਰ ਅਜਿਹੇ ਹਨ, ਜਿਨ੍ਹਾਂ ਦਾ ਕੋਈ ਨਾ ਕੋਈ ਪਰਿਵਾਰਕ ਮੈਂਬਰ ਗੈਰਕਾਨੂੰਨੀ ਪ੍ਰਵਾਸੀ ਹੈ। ਕੌਂਸਲ ਦੇ ਕਾਰਜਕਾਰੀ ਡਾਇਰੈਕਟਰ ਰਿਬੇਕਾ ਸ਼ੀ ਦਾ ਕਹਿਣਾ ਸੀ ਕਿ ਅਮਰੀਕੀ ਨਾਗਰਿਕਾਂ ਦੇ ਜੀਵਨ ਸਾਥੀਆਂ ਨੂੰ ਰਾਹਤ ਮਿਲਣੀ ਚਾਹੀਦੀ ਹੈ, ਜੋ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਅਤੇ ਹੁਣ ਤੱਕ ਕੋਈ ਇਮੀਗ੍ਰੇਸ਼ਨ ਸਟੇਟਸ ਹਾਸਲ ਨਹੀਂ ਕਰ ਸਕੇ। ਭਾਵੇਂ ਅਤੀਤ ਵਿਚ ਅਜਿਹੇ ਲੋਕਾਂ ਲਈ ਪਾਰਟੀ ਹੱਦਾਂ ਤੋਂ ਉੱਪਰ ਉਠ ਕੇ ਬਿਲ ਲਿਆਂਦੇ ਗਏ ਪਰ ਕੋਈ ਪਾਸ ਨਾ ਕਰਵਾਇਆ ਜਾ ਸਕਿਆ। ਇੱਥੇ ਦੱਸਣਾ ਬਣਦਾ ਹੈ ਕਿ 1986 ‘ਚ ਅਮਰੀਕੀ ਕਾਂਗਰਸ ਵੱਲੋਂ ਇਕ ਕਾਨੂੰਨ ਪਾਸ ਕਰਦਿਆਂ 27 ਲੱਖ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਮੁਲਕ ਵਿਚ ਰਹਿਣ ਦੀ ਇਜਾਜ਼ਤ ਦਿਤੀ ਗਈ ਸੀ। ਹਾਲਾਂਕਿ ਬਰਾਕ ਓਬਾਮਾ ਵੱਲੋਂ ਵੀ ਗੈਰਕਾਨੂੰਨੀ ਪ੍ਰਵਾਸੀਆਂ ਦੇ ਹੱਕ ਵਿਚ ਕਾਰਜਕਾਰੀ ਹੁਕਮ ਜਾਰੀ ਕੀਤੇ ਗਏ ਪਰ ਅਦਾਲਤੀ ਅੜਿੱਕਿਆਂ ਕਾਰਨ ਉਨ੍ਹਾਂ ਨੂੰ ਲਾਗੂ ਨਾ ਕੀਤਾ ਜਾ ਸਕਿਆ।
ਦੂਜੇ ਪਾਸੇ ਬਾਇਡਨ ਸਰਕਾਰ ਦੀ ਤਜਵੀਜ਼ਸ਼ੁਦਾ ਯੋਜਨਾ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਇਕ ਵੱਡੀ ਗ਼ਲਤੀ ਸਾਬਤ ਹੋਵੇਗੀ। ਟਰੰਪ ਦੇ ਕਾਰਜਕਾਲ ਦੌਰਾਨ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸੇਵਾਵਾਂ ਵਿਭਾਗ ਦੇ ਪਾਲਿਸੀ ਚੀਫ ਰਹੇ ਰੌਬਰਟ ਲਾਅ ਨੇ ਕਿਹਾ ਕਿ ਰਾਸ਼ਟਰਪਤੀ ਵੱਲੋਂ ਪੈਰੋਲ ਦੇ ਅਧਿਕਾਰ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ, ਤਾਂਕਿ ਪ੍ਰਵਾਸੀਆਂ ਨੂੰ ਇਮੀਗ੍ਰੇਸ਼ਨ ਲਾਭ ਮਿਲ ਸਕੇ, ਜਦਕਿ ਕਾਂਗਰਸ ਵੱਲੋਂ ਅਜਿਹਾ ਕੋਈ ਕਾਨੂੰਨ ਪਾਸ ਨਹੀਂ ਕੀਤਾ ਗਿਆ। ਪਰ 2010 ਤੋਂ ਅਮਰੀਕੀ ਫੌਜ ਵਿਚ ਭਰਤੀ ਲੋਕਾਂ ਨੂੰ ਛੋਟ ਮਿਲੀ ਹੋਈ ਹੈ ਕਿ ਜੇ ਉਹ ਗੈਰਕਾਨੂੰਨੀ ਪ੍ਰਵਾਸੀ ਨਾਲ ਵਿਆਹ ਕਰਵਾਉਂਦੇ ਹਨ, ਤਾਂ ਉਨ੍ਹਾਂ ਦਾ ਜੀਵਨ ਸਾਥੀ ਅਮਰੀਕੀ ਨਾਗਰਿਕ ਬਣਨ ਦਾ ਹੱਕਦਾਰ ਹੈ। ਇਸੇ ਦੌਰਾਨ ਇਮੀਗ੍ਰੇਸ਼ਨ ਵਕੀਲ ਅਤੇ ਸੇਵਾ ਮੁਕਤ ਫੌਜੀ ਅਫਸਰ ਮਾਰਗ੍ਰੇਟ ਸਟੌਕ ਨੇ ਆਖਿਆ ਕਿ ਫੌਜੀ ਪਰਿਵਾਰਾਂ ਲਈ ਇਹ ਕਦਮ ਬੇਹੱਦ ਲਾਹੇਵੰਦ ਸਾਬਤ ਹੋਇਆ ਹੈ। ਕਿਸੇ ਫੌਜੀ ਨਾਲ ਵਿਆਹ ਕਰਵਾਉਣ ਵਾਲੇ ਗੈਰਕਾਨੂੰਨੀ ਪ੍ਰਵਾਸੀ ਇਮੀਗ੍ਰੇਸ਼ਨ ਚਿੰਤਾਵਾਂ ਤੋਂ ਮੁਕਤ ਹੋ ਜਾਂਦੇ ਹਨ ਅਤੇ ਗਰੀਨ ਕਾਰਡ ਉਨ੍ਹਾਂ ਦੀ ਜੇਬ ਵਿਚ ਆ ਜਾਂਦਾ ਹੈ।