#INDIA

ਅਮਰੀਕੀ ਟੈਕਸਾਂ ਕਾਰਨ ਭਾਰਤ ਦੀ ਵਿਕਾਸ ਦਰ ਘਟਣ ਦੀ ਸੰਭਾਵਨਾ

ਨਵੀਂ ਦਿੱਲੀ, 16 ਅਪ੍ਰੈਲ (ਪੰਜਾਬ ਮੇਲ)- ਅਮਰੀਕੀ ਜਵਾਬੀ ਟੈਕਸ ਲਾਗੂ ਹੋਣ ਨਾਲ ਅਗਲੇ ਦੋ ਸਾਲਾਂ ਅੰਦਰ ਭਾਰਤ, ਚੀਨ ਤੇ ਜਪਾਨ ਜਿਹੇ ਅਹਿਮ ਏਸ਼ੀਆ-ਪ੍ਰਸ਼ਾਂਤ ਮੁਲਕਾਂ ਦੇ ਅਰਥਚਾਰਿਆਂ ਦੀ ਵਿਕਾਸ ਦਰ ‘ਚ 0.20 ਤੋਂ 0.40 ਫੀਸਦੀ ਤੱਕ ਦੀ ਗਿਰਾਵਟ ਆ ਸਕਦੀ ਹੈ। ਐੱਸ. ਐਂਡ ਪੀ. ਗਲੋਬਲ ਰੇਟਿੰਗਜ਼ ਨੇ ਕਿਹਾ ਕਿ ਅਮਰੀਕਾ ਦੀ ਜਵਾਬੀ ਟੈਕਸ ਲਾਉਣ ਦੀ ਧਮਕੀ ਨੇ ਆਲਮੀ ਵਪਾਰ ਤੇ ਭਰੋਸੇ ਨੂੰ ਘੱਟ ਕਰ ਦਿੱਤਾ ਹੈ। ਚੀਨ ਤੇ ਅਮਰੀਕਾ ਨਾਲ ਬਰਾਮਦ ਦੇ ਖੇਤਰ ਦੀ ਨਿਰਭਰਤਾ ਦਾ ਨਿਰਮਾਣਕਰਤਾਵਾਂ ਤੇ ਛੋਟੇ ਅਰਥਚਾਰਿਆਂ ‘ਤੇ ਬਹੁਤ ਜ਼ਿਆਦਾ ਅਸਰ ਪਵੇਗਾ। ਐੱਸ. ਐਂਡ ਪੀ. ਗਲੋਬਲ ਰੇਟਿੰਗ ਦੇ ਖੋਜ ਮੁਖੀ (ਏਸ਼ੀਆ-ਪ੍ਰਸ਼ਾਂਤ) ਯੂਨਿਸ ਟੈਨ ਨੇ ਕਿਹਾ, ‘ਜੇ ਦੋ ਅਪ੍ਰੈਲ, 2025 ਨੂੰ ਐਲਾਨੇ ਟੈਕਸ ਮੁੜ ਲਾਗੂ ਹੋ ਜਾਂਦੇ ਹਨ, ਤਾਂ ਇਸ ਦੇ ਭੂ-ਰਾਜਨੀਤਕ ਤੇ ਆਰਥਿਕ ਨਤੀਜੇ ਗੰਭੀਰ ਹੋਣਗੇ।’ ਐੱਸ. ਐਂਡ ਪੀ. ਨੇ ਮਾਰਚ 2025 ਤੇ 2026 ਲਈ ਕ੍ਰਮਵਾਰ 6.5 ਫੀਸਦੀ ਤੇ 6.8 ਫੀਸਦੀ ਦੀ ਵਿਕਾਸ ਦਰ ਦਾ ਅਨੁਮਾਨ ਲਾਇਆ ਸੀ।