#AMERICA

ਅਮਰੀਕੀ ਚੋਣਾਂ: ਬਾਇਡਨ ਨਾਲੋਂ ਕਮਲਾ ਹੈਰਿਸ ਦੇ ਜਿੱਤਣ ਦੇ ਮੌਕੇ ਜ਼ਿਆਦਾ

-ਟਰੰਪ ਨਾਲ ਬਹਿਸ ਤੋਂ ਬਾਅਦ ਬਾਇਡਨ ਦੀ ਦਰਜਾਬੰਦੀ ‘ਚ ਆਈ ਗਿਰਾਵਟ
ਵਾਸ਼ਿੰਗਟਨ, 3 ਜੁਲਾਈ (ਪੰਜਾਬ ਮੇਲ)- ਭਾਰਤੀ-ਅਫਰੀਕੀ ਮੂਲ ਦੀ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਜੇਕਰ ਰਾਸ਼ਟਰਪਤੀ ਚੋਣ ਵਿਚ ਖੜ੍ਹਦੀ ਹੈ, ਤਾਂ ਰਾਸ਼ਟਰਪਤੀ ਜੋਅ ਬਾਇਡਨ ਨਾਲੋਂ ਉਨ੍ਹਾਂ ਦੇ ਜਿੱਤਣ ਦੇ ਜ਼ਿਆਦਾ ਮੌਕੇ ਹਨ। ਇਹ ਗੱਲ ਸੀ.ਐੱਨ.ਐੱਨ. ਦੇ ਇੱਕ ਤਾਜ਼ਾ ਸਰਵੇਖਣ ਵਿਚ ਕਹੀ ਗਈ ਹੈ। ਪਿਛਲੇ ਹਫ਼ਤੇ ਐਟਲਾਂਟਾ ਵਿਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਬਹਿਸ ਵਿਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਦੇਸ਼ ਦੇ ਅਗਲੇ ਰਾਸ਼ਟਰਪਤੀ ਵਜੋਂ ਬਾਇਡਨ (81) ਦੀ ਪ੍ਰਵਾਨਗੀ ਦਰਜਾਬੰਦੀ ਵਿਚ ਗਿਰਾਵਟ ਆਈ ਹੈ। ਰਾਸ਼ਟਰਪਤੀ ਚੋਣ ਤੋਂ ਪਹਿਲਾਂ ਬਾਇਡਨ ਅਤੇ ਟਰੰਪ ਵਿਚਾਲੇ ਪਹਿਲੀ ਬਹਿਸ ਤੋਂ ਬਾਅਦ ਸੱਤਾਧਾਰੀ ਡੈਮੋਕ੍ਰੇਟਿਕ ਪਾਰਟੀ ‘ਚ ਇਹ ਮੰਗ ਉੱਠ ਰਹੀ ਹੈ ਕਿ ਬਾਇਡਨ ਨੂੰ ਪਿੱਛੇ ਹਟਣਾ ਚਾਹੀਦਾ ਹੈ ਅਤੇ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਪਾਰਟੀ ਵੱਲੋਂ ਕਿਸੇ ਹੋਰ ਨੂੰ ਮੌਕਾ ਦਿੱਤਾ ਜਾਵੇ। ਸੀ.ਐੱਨ.ਐੱਨ. ਦੇ ਸਰਵੇਖਣ ਮੁਤਾਬਕ ਟਰੰਪ ਲੋਕਪ੍ਰਿਅਤਾ ਦੇ ਮਾਮਲੇ ਵਿਚ ਬਾਇਡਨ ਤੋਂ ਛੇ ਅੰਕ ਅੱਗੇ ਹਨ। ਸਰਵੇਖਣ ‘ਚ ਹੈਰਿਸ ਅਤੇ ਟਰੰਪ ਵਿਚਾਲੇ ਹੋਣ ਵਾਲੇ ਕਾਲਪਨਿਕ ਮੁਕਾਬਲੇ ਨੂੰ ਲੈ ਕੇ ਵੀ ਸਰਵੇਖਣ ਕੀਤਾ ਗਿਆ ਸੀ, ਜਿਸ ਮੁਤਾਬਕ 47 ਫੀਸਦੀ ਰਜਿਸਟਰਡ ਵੋਟਰ ਟਰੰਪ ਦਾ ਸਮਰਥਨ ਕਰਦੇ ਹਨ, ਜਦਕਿ 45 ਫੀਸਦੀ ਹੈਰਿਸ ਦੇ ਸਮਰਥਕ ਹਨ, ਜਿਸ ਦਾ ਮਤਲਬ ਹੈ ਕਿ ਉਨ੍ਹਾਂ ਦੇ ਆਹਮੋ-ਸਾਹਮਣੇ ਹੋਣ ਦੀ ਸਥਿਤੀ ‘ਚ ਮੁਕਾਬਲਾ ਨੇੜੇ ਹੋ ਜਾਵੇਗਾ।
ਇਸ ਦੌਰਾਨ ਬਾਇਡਨ ਨੇ ਬਹਿਸ ਵਿਚ ਆਪਣੇ ਨਿਰਾਸ਼ਾਜਨਕ ਪ੍ਰਦਰਸ਼ਨ ਲਈ ਆਪਣੇ ਹਾਲੀਆ ਵਿਦੇਸ਼ੀ ਦੌਰਿਆਂ ਕਾਰਨ ਆਈ ਥਕਾਵਟ ਨੂੰ ਜ਼ਿੰਮੇਵਾਰ ਠਹਿਰਾਇਆ।