#AMERICA

ਅਮਰੀਕੀ ਚੋਣਾਂ; ਟਰੰਪ ਪਹਿਲੀ ਵਾਰ ਚੋਣ ਸਰਵੇਖਣ ‘ਚ ਹੈਰਿਸ ਤੋਂ ਅੱਗੇ

ਵਾਸ਼ਿੰਗਟਨ, 22 ਅਕਤੂਬਰ (ਪੰਜਾਬ ਮੇਲ)- ਅਮਰੀਕਾ ‘ਚ ਅਗਲੇ ਮਹੀਨੇ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੌਰਾਨ ਚੋਣਾਂ ਨੇੜੇ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਨੂੰ ਵੱਡਾ ਝਟਕਾ ਲੱਗਾ ਹੈ। ਤਾਜ਼ਾ ਚੋਣ ਸਰਵੇਖਣ ਵਿਚ ਪਹਿਲੀ ਵਾਰ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਸਾਬਕਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਪਿੱਛੇ ਛੱਡ ਦਿੱਤਾ ਹੈ। ਅਮਰੀਕਾ ‘ਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਡਿਸੀਜ਼ਨ ਡੈਸਕ ਹਿੱਲ ਦੇ ਤਾਜ਼ਾ ਸਰਵੇਖਣ ਮੁਤਾਬਕ ਰਾਸ਼ਟਰਪਤੀ ਚੋਣਾਂ ‘ਚ ਜਿੱਤ ਦੇ ਮਾਮਲੇ ‘ਚ ਡੋਨਾਲਡ ਟਰੰਪ ਹੁਣ ਕਮਲਾ ਹੈਰਿਸ ਤੋਂ 4 ਫੀਸਦੀ ਅੱਗੇ ਹਨ। ਡੋਨਾਲਡ ਟਰੰਪ ਦੀ ਜਿੱਤ ਦੀ ਸੰਭਾਵਨਾ ਹੁਣ 52 ਫੀਸਦੀ ਹੈ, ਜਦਕਿ ਕਮਲਾ ਹੈਰਿਸ ਦੀ ਜਿੱਤ ਦੀ ਸੰਭਾਵਨਾ ਹੁਣ ਸਿਰਫ 48 ਫੀਸਦੀ ਹੈ।
ਡਿਸੀਜ਼ਨ ਡੈਸਕ ਨੇ ਕਿਹਾ ਕਿ ਭਾਵੇਂ ਟਰੰਪ ਅਮਰੀਕੀ ਰਾਸ਼ਟਰਪਤੀ ਚੋਣ ਦੀ ਦੌੜ ‘ਚ ਕਮਲਾ ਹੈਰਿਸ ਤੋਂ ‘ਥੋੜਾ’ ਅੱਗੇ ਨਿਕਲ ਗਏ ਹਨ ਪਰ ਨਤੀਜਾ ਅਜੇ ਸਪੱਸ਼ਟ ਨਹੀਂ ਹੈ। ਇਸ ਵਾਰ ਰਾਸ਼ਟਰਪਤੀ ਕੌਣ ਬਣੇਗਾ, ਇਸ ਦਾ ਫ਼ੈਸਲਾ ਅਮਰੀਕਾ ਦੇ ਸਵਿੰਗ ਰਾਜ ਕਰਨਗੇ। ਟਰੰਪ ਨੂੰ ਵਿਸਕਾਨਸਿਨ ਅਤੇ ਮਿਸ਼ੀਗਨ ਵਿਚ ਬੜਤ ਮਿਲਦੀ ਨਜ਼ਰ ਆ ਰਹੀ ਹੈ। ਨਾਲ ਹੀ, ਐਰੀਜ਼ੋਨਾ, ਜਾਰਜੀਆ ਅਤੇ ਉੱਤਰੀ ਕੈਰੋਲੀਨਾ ਵਿਚ ਟਰੰਪ ਦੀ ਪਹਿਲਾਂ ਦੀ ਬੜ੍ਹਤ ਬਰਕਰਾਰ ਹੈ। ਹਾਲਾਂਕਿ 7 ਚੋਣ ਰਾਜਾਂ ਨੇਵਾਡਾ, ਐਰੀਜ਼ੋਨਾ, ਜਾਰਜੀਆ, ਉੱਤਰੀ ਕੈਰੋਲੀਨਾ, ਪੈਨਸਿਲਵੇਨੀਆ, ਮਿਸ਼ੀਗਨ ਅਤੇ ਵਿਸਕਾਨਸਿਨ ਵਿਚ ਚੋਣ ਨਤੀਜੇ ਕੁਝ ਵੀ ਹੋ ਸਕਦੇ ਹਨ।
ਮੰਨਿਆ ਜਾ ਰਿਹਾ ਹੈ ਕਿ ਇਹ ਰਾਜ ਤੈਅ ਕਰਨਗੇ ਕਿ ਕਿਸ ਨੂੰ ਜਿੱਤਣ ਲਈ 270 ਵੋਟਾਂ ਮਿਲਦੀਆਂ ਹਨ। ਤਾਜ਼ਾ ਅਨੁਮਾਨਾਂ ਅਨੁਸਾਰ ਨਾ ਤਾਂ ਟਰੰਪ ਅਤੇ ਨਾ ਹੀ ਕਮਲਾ ਹੈਰਿਸ ਨੇ ਸਪੱਸ਼ਟ ਤੌਰ ‘ਤੇ ਇਹ ਅੰਕੜਾ ਹਾਸਲ ਕੀਤਾ ਹੈ। ਕਮਲਾ ਹੈਰਿਸ ਦੇ ਨਾਂ ਦੇ ਐਲਾਨ ਤੋਂ ਪਹਿਲਾਂ ਸਰਵੇਖਣਾਂ ‘ਚ ਟਰੰਪ ਲਗਾਤਾਰ ਬਾਇਡਨ ਤੋਂ ਅੱਗੇ ਚੱਲ ਰਹੇ ਸਨ ਪਰ ਹੁਣ ਲੋਕਾਂ ਦਾ ਨਜ਼ਰੀਆ ਬਦਲ ਰਿਹਾ ਹੈ। ਇਸ ਦੌਰਾਨ ਸੀਨੀਅਰ ਭਾਰਤੀ ਅਮਰੀਕੀ ਨੇਤਾ ਸਵਦੇਸ਼ ਚੈਟਰਜੀ ਨੇ ਕਿਹਾ ਹੈ ਕਿ ਅਮਰੀਕਾ ਵਿਚ ਰਹਿ ਰਿਹਾ ਭਾਰਤੀ ਭਾਈਚਾਰਾ 5 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਵਿਚ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਵੋਟ ਦੇਣ ਤੋਂ ਝਿਜਕ ਰਿਹਾ ਹੈ ਕਿਉਂਕਿ ਹੈਰਿਸ ਦੀ ਸੈਨੇਟਰ ਜਾਂ ਅਟਾਰਨੀ ਜਨਰਲ ਨੇ ਭਾਰਤੀ ਭਾਈਚਾਰੇ ਵਿਚ ਆਪਣਾ ਸਮਰਥਨ ਆਧਾਰ ਵਿਕਸਿਤ ਨਹੀਂ ਕੀਤਾ।
2001 ਵਿਚ ‘ਪਦਮ ਭੂਸ਼ਣ’ ਨਾਲ ਸਨਮਾਨਿਤ ਭਾਰਤੀ ਭਾਈਚਾਰੇ ਦੀ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਨੇ ‘ਇੰਡੀਅਨ ਅਮਰੀਕਨ ਫਾਰ ਹੈਰਿਸ’ ਨਾਂ ਦਾ ਇੱਕ ਗਰੁੱਪ ਬਣਾਇਆ ਹੈ, ਜੋ ਨਾ ਸਿਰਫ਼ ਕੈਲੀਫੋਰਨੀਆ ਵਿਚ ਸਗੋਂ ਹੋਰਨਾਂ ਸੂਬਿਆਂ ਵਿਚ ਵੀ ਉਪ ਰਾਸ਼ਟਰਪਤੀ ਦੇ ਹੱਕ ਵਿਚ ਪ੍ਰਚਾਰ ਕਰ ਰਿਹਾ ਹੈ। ਚੈਟਰਜੀ ਨੇ ਮੰਨਿਆ ਕਿ ਭਾਰਤੀ-ਅਮਰੀਕੀ ਭਾਈਚਾਰਾ ਉਸ ਨੂੰ ਜ਼ਿਆਦਾ ਵੋਟ ਦੇਣ ਤੋਂ ਝਿਜਕਦਾ ਹੈ ਕਿਉਂਕਿ ਉਹ ਉਸ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ। ਉਨ੍ਹਾਂ ਕਿਹਾ ਕਿ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਵਜੋਂ ਹੈਰਿਸ ਨੇ ਭਾਰਤੀ ਅਮਰੀਕੀ ਭਾਈਚਾਰੇ ਵਿਚ ਆਪਣਾ ਸਮਰਥਨ ਆਧਾਰ ਨਹੀਂ ਬਣਾਇਆ ਅਤੇ ਇੱਕ ਸੈਨੇਟਰ ਵਜੋਂ ਉਹ ਕਮਿਊਨਿਟੀ ਦੀ ਕਿਸੇ ਵੀ ਮੀਟਿੰਗ ਜਾਂ ਉਨ੍ਹਾਂ ਦੇ ਕਿਸੇ ਵੀ ਪ੍ਰੋਗਰਾਮ ਦਾ ਹਿੱਸਾ ਨਹੀਂ ਬਣਿਆ।