#AMERICA

ਅਮਰੀਕੀ ਚੋਣਾਂ: ਕਮਲਾ ਹੈਰਿਸ ਵੱਲੋਂ ਆਪਣਾ ਮੈਡੀਕਲ ਰਿਕਾਰਡ ਜਾਰੀ

-ਅਮਰੀਕੀ ਰਾਸ਼ਟਰਪਤੀ ਬਣਨ ਲਈ ਫਿੱਟ ਕਮਲਾ ਹੈਰਿਸ, ਟਰੰਪ ਨੂੰ ਕੀਤਾ ਚੈਲੰਜ
ਵਾਸ਼ਿੰਗਟਨ, 15 ਅਕਤੂਬਰ (ਰਾਜ ਗੋਗਨਾ/ਪੰਜਾਬ ਮੇਲ)- ਜਿਵੇਂ-ਜਿਵੇਂ 2024 ਦੀਆਂ ਰਾਸ਼ਟਰਪਤੀ ਚੋਣਾਂ ਨੇੜੇ ਆ ਰਹੀਆਂ ਹਨ, ਡੋਨਾਲਡ ਟਰੰਪ ਅਤੇ ਕਮਲਾ ਹੈਰਿਸ ਵਿਚਾਲੇ ਸਖਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਚੋਣਾਂ ਤੋਂ 23 ਦਿਨ ਪਹਿਲਾਂ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਨੇ ਆਪਣਾ ਮੈਡੀਕਲ ਰਿਕਾਰਡ ਜਾਰੀ ਕੀਤਾ ਹੈ। ਇਸ ‘ਚ ਉਨ੍ਹਾਂ ਨੂੰ ਪੂਰੀ ਤਰ੍ਹਾਂ ਫਿੱਟ ਕਰਾਰ ਦਿੱਤਾ ਗਿਆ ਹੈ। ਕਮਲਾ ਨੇ ਆਪਣਾ ਫਿਟਨੈੱਸ ਰਿਕਾਰਡ ਜਾਰੀ ਕਰਕੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਤੋਂ ਵੀ ਮੰਗ ਕੀਤੀ ਹੈ ਕਿ ਉਹ ਵੀ ਆਪਣਾ ਸਿਹਤ ਰਿਕਾਰਡ ਜਾਰੀ ਕਰਨ, ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਟਰੰਪ ਰਾਸ਼ਟਰਪਤੀ ਬਣਨ ਦੇ ਯੋਗ ਹਨ ਜਾਂ ਨਹੀ।
ਇਸ ‘ਤੇ ਟਰੰਪ ਦੀ ਟੀਮ ਨੇ ਉਨ੍ਹਾਂ ਦਾ ਮੈਡੀਕਲ ਰਿਕਾਰਡ ਜਾਰੀ ਕੀਤੇ ਬਿਨਾਂ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਟਰੰਪ ਦੀ ਸਿਹਤ ਬਿਲਕੁਲ ਠੀਕ ਹੈ। ਟਰੰਪ ਦੇ ਮੁਕਾਬਲੇ ‘ਚ ਕਮਲਾ ਹੈਰਿਸ ਕੋਲ ਰਾਸ਼ਟਰਪਤੀ ਬਣਨ ਦੀ ਤਾਕਤ ਨਹੀਂ ਹੈ। ਡੋਨਾਲਡ ਟਰੰਪ ਆਪਣੇ ਆਪ ਨੂੰ ਰਾਸ਼ਟਰਪਤੀ ਬਣਨ ਲਈ ਫਿੱਟ ਸਮਝਦੇ ਹਨ ਅਤੇ ਇੱਥੋਂ ਤੱਕ ਕਿ ਟਰੰਪ ਨੇ ਬਾਪਡਿਨ ਨੂੰ ਗੋਲਫ ਦੀ ਖੇਡ ਖੇਡਣ ਦੇ ਲਈ ਚੁਣੌਤੀ ਵੀ ਦਿੱਤੀ ਸੀ।
ਇਕ ਪਾਸੇ ਵ੍ਹਾਈਟ ਹਾਊਸ ਨੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਰਾਸ਼ਟਰਪਤੀ ਬਣਨ ਲਈ ਫਿੱਟ ਕਰਾਰ ਦਿੱਤਾ ਹੈ। ਉਥੇ ਹੀ ਉਨ੍ਹਾਂ ਦੇ ਡਾਕਟਰ ਜੋਸ਼ੂਆ ਸਿਮੰਸ ਨੇ ਦੱਸਿਆ ਹੈ ਕਿ ਕਮਲਾ ਹੈਰਿਸ ਦੇ ਪਰਿਵਾਰ ਵਿਚ ਕੋਲਨ ਕੈਂਸਰ ਦਾ ਇਤਿਹਾਸ ਰਿਹਾ ਹੈ। ਉਨ੍ਹਾਂ ਨੂੰ ਕੁਝ ਚੀਜ਼ਾਂ ਤੋਂ ਐਲਰਜੀ ਵੀ ਹੈ। ਇਸ ਕਾਰਨ ਉਹ ਨਿਯਮਿਤ ਤੌਰ ‘ਤੇ ਕੋਲੋਨੋਸਕੋਪੀ ਕਰਵਾਉਂਦੀ ਰਹਿੰਦੀ ਹੈ ਅਤੇ ਆਪਣਾ ਧਿਆਨ ਰੱਖਦੀ ਹੈ। ਕਮਲਾ ਦਾ ਮੈਡੀਕਲ ਰਿਕਾਰਡ ਜਾਰੀ ਹੁੰਦੇ ਹੀ ਉਨ੍ਹਾਂ ਦੀ ਟੀਮ ਨੇ ਐਕਸ ‘ਤੇ ਲਿਖਿਆ ਸੀ- ਹੁਣ ਤੁਹਾਡੀ ਵਾਰੀ ਡੋਨਾਲਡ ਟਰੰਪ।
ਇਸ ਤੋਂ ਪਹਿਲਾਂ ਕਮਲਾ ਨੇ ਇਕ ਰੈਲੀ ‘ਚ ਟਰੰਪ ਦੀ ਮਾਨਸਿਕ ਸਿਹਤ ‘ਤੇ ਵੀ ਕਈ ਸਵਾਲ ਚੁੱਕੇ ਸਨ। ਇੱਥੇ ਦੱਸ ਦੇਈਏ ਕਿ ਕਮਲਾ ਹੈਰਿਸ ਟਰੰਪ ਦੇ ਖਿਲਾਫ ਉਹੀ ਰਣਨੀਤੀ ਵਰਤ ਰਹੀ ਹੈ, ਜੋ ਟਰੰਪ ਨੇ ਜੋਅ ਬਾਇਡਨ ਖ਼ਿਲਾਫ਼ ਵਰਤੀ ਸੀ। ਦਰਅਸਲ ਜਦੋਂ ਜੋਅ ਬਾਇਡਨ ਅਮਰੀਕੀ ਰਾਸ਼ਟਰਪਤੀ ਚੋਣ ਵਿਚ ਡੈਮੋਕ੍ਰੇਟਿਕ ਪਾਰਟੀ ਵੱਲੋਂ ਉਮੀਦਵਾਰ ਸਨ, ਤਾਂ ਟਰੰਪ ਨੇ ਉਨ੍ਹਾਂ ਦੀ ਉਮਰ ਅਤੇ ਫਿਟਨੈੱਸ ਨੂੰ ਲੈ ਕੇ ਕਈ ਸਵਾਲ ਚੁੱਕੇ ਸਨ। ਹੁਣ ਕਮਲਾ ਹੈਰਿਸ ਉਸੇ ਰਣਨੀਤੀ ਤਹਿਤ ਟਰੰਪ ਨੂੰ ਅਣਫਿੱਟ ਐਲਾਨਣਾ ਚਾਹੁੰਦੀ ਹੈ। ਟਰੰਪ 78 ਸਾਲ ਦੇ ਹਨ, ਜੋ ਰਾਸ਼ਟਰਪਤੀ  ਬਾਇਡਨ ਤੋਂ ਸਿਰਫ 3 ਸਾਲ ਹੀ ਛੋਟੇ ਹਨ। ਜੇਕਰ ਟਰੰਪ ਰਾਸ਼ਟਰਪਤੀ ਚੋਣ ਜਿੱਤ ਜਾਂਦੇ ਹਨ, ਤਾਂ ਉਹ ਅਮਰੀਕੀ ਇਤਿਹਾਸ ਵਿਚ ਰਾਸ਼ਟਰਪਤੀ ਬਣਨ ਵਾਲੇ ਸਭ ਤੋਂ ਬਜ਼ੁਰਗ ਵਿਅਕਤੀ ਹੋਣਗੇ। ਜਦੋਂ ਬਾਇਡਨ 2020 ਵਿਚ ਅਮਰੀਕਾ ਦੇ ਰਾਸ਼ਟਰਪਤੀ ਬਣੇ, ਤਾਂ ਉਨ੍ਹਾਂ ਦੀ ਉਮਰ 77 ਸਾਲ ਸੀ।