-ਟਰੰਪ ਪ੍ਰਸ਼ਾਸਨ ਵੱਲੋਂ ਅਮਰੀਕਾ ‘ਚ ਰਹਿਣ ਵਾਲੇ ਵੀਜ਼ਾ ਧਾਰਕਾਂ ਨੂੰ ਨਿਯਮਾਂ ਸੰਬੰਧੀ ਸਖਤ ਚਿਤਾਵਨੀ ਜਾਰੀ
ਵਾਸ਼ਿੰਗਟਨ, 30 ਜੂਨ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਇੱਕ ਵਾਰ ਫਿਰ ਅਮਰੀਕਾ ਵਿਚ ਰਹਿਣ ਵਾਲੇ ਵੀਜ਼ਾ ਧਾਰਕਾਂ ਨੂੰ ਨਿਯਮਾਂ ਪ੍ਰਤੀ ਸਾਵਧਾਨ ਰਹਿਣ ਲਈ ਕਿਹਾ ਹੈ। ਪ੍ਰਵਾਸੀਆਂ ਨੂੰ ਜਾਰੀ ਕੀਤੀ ਗਈ ਇੱਕ ਸਖ਼ਤ ਚੇਤਾਵਨੀ ਵਿਚ ਕਿਹਾ ਗਿਆ ਹੈ ਕਿ ਜੇਕਰ ਉਹ ਕਾਨੂੰਨ ਤੋੜਦੇ ਹਨ ਤਾਂ ਗ੍ਰੀਨ ਕਾਰਡ ਅਤੇ ਵੀਜ਼ਾ ਰੱਦ ਕਰ ਦਿੱਤੇ ਜਾਣਗੇ। ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸ (ਯੂ.ਐੱਸ.ਸੀ.ਆਈ.ਐੱਸ) ਨੇ ਕਿਹਾ ਹੈ ਕਿ ਅਮਰੀਕਾ ਵਿਚ ਰਹਿਣਾ ਇੱਕ ਵਿਸ਼ੇਸ਼ ਅਧਿਕਾਰ ਹੈ, ਨਾ ਕਿ ਇੱਕ ਗਾਰੰਟੀਸ਼ੁਦਾ ਅਧਿਕਾਰ। ਅਜਿਹੀ ਸਥਿਤੀ ਵਿਚ ਗੰਭੀਰ ਅਪਰਾਧਾਂ ਦੇ ਦੋਸ਼ੀ ਪਾਏ ਜਾਣ ‘ਤੇ ਗ੍ਰੀਨ ਕਾਰਡ ਅਤੇ ਵੀਜ਼ਾ ਰੱਦ ਕੀਤੇ ਜਾ ਸਕਦੇ ਹਨ। ਅਜਿਹੇ ਮਾਮਲਿਆਂ ਵਿਚ ਅੱਤਵਾਦ ਦਾ ਸਮਰਥਨ ਕਰਨਾ ਜਾਂ ਉਤਸ਼ਾਹਿਤ ਕਰਨਾ ਵੀ ਸ਼ਾਮਲ ਹੈ। ਭਾਰਤ ਤੋਂ ਵੱਡੀ ਗਿਣਤੀ ਵਿਚ ਲੋਕ ਅਮਰੀਕਾ ਵਿਚ ਵੀਜ਼ਾ ਪ੍ਰਾਪਤ ਕਰਨਾ ਚਾਹੁੰਦੇ ਹਨ, ਇਸ ਲਈ ਟਰੰਪ ਪ੍ਰਸ਼ਾਸਨ ਦੀ ਸਖ਼ਤ ਨੀਤੀ ਭਾਰਤੀਆਂ ਲਈ ਮੁਸੀਬਤ ਦਾ ਕਾਰਨ ਵੀ ਬਣ ਸਕਦੀ ਹੈ।
ਯੂ.ਐੱਸ.ਸੀ.ਆਈ.ਐੱਸ ਵੱਲੋਂ ਐਕਸ ‘ਤੇ ਇੱਕ ਪੋਸਟ ਵਿਚ ਇੱਕ ਤਸਵੀਰ ਸਾਂਝੀ ਕੀਤੀ ਗਈ ਹੈ, ਜਿਸ ਵਿਚ ਲਿਖਿਆ ਹੈ, ”ਜੇਕਰ ਕੋਈ ਵਿਦੇਸ਼ੀ ਕਾਨੂੰਨ ਤੋੜਦਾ ਹੈ, ਤਾਂ ਗ੍ਰੀਨ ਕਾਰਡ ਅਤੇ ਵੀਜ਼ਾ ਰੱਦ ਕਰ ਦਿੱਤੇ ਜਾਣਗੇ।” ਯੂ.ਐੱਸ.ਸੀ.ਆਈ.ਐੱਸ ਪੋਸਟ ਵਿਚ ਕਿਹਾ ਗਿਆ ਹੈ, ‘ਅਮਰੀਕਾ ਆਉਣਾ ਅਤੇ ਵੀਜ਼ਾ ਜਾਂ ਗ੍ਰੀਨ ਕਾਰਡ ਪ੍ਰਾਪਤ ਕਰਨਾ ਇੱਕ ਵਿਸ਼ੇਸ਼ ਅਧਿਕਾਰ ਹੈ। ਵੀਜ਼ਾ ਧਾਰਕਾਂ ਨੂੰ ਸਾਡੇ ਕਾਨੂੰਨਾਂ ਅਤੇ ਕਦਰਾਂ-ਕੀਮਤਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਵੀਜ਼ਾ ਪ੍ਰਾਪਤ ਕਰਨ ਤੋਂ ਬਾਅਦ ਹਿੰਸਾ ਦੀ ਵਕਾਲਤ ਕਰਦੇ ਹੋ, ਅੱਤਵਾਦੀ ਗਤੀਵਿਧੀ ਦਾ ਸਮਰਥਨ ਕਰਦੇ ਹੋ ਜਾਂ ਦੂਜਿਆਂ ਨੂੰ ਅਜਿਹਾ ਕਰਨ ਲਈ ਉਤਸ਼ਾਹਿਤ ਕਰਦੇ ਹੋ, ਤਾਂ ਸਮਝੋ ਕਿ ਤੁਸੀਂ ਅਮਰੀਕਾ ਵਿਚ ਰਹਿਣ ਦੇ ਯੋਗ ਨਹੀਂ ਹੋ।’
ਯੂ.ਐੱਸ.ਸੀ.ਆਈ.ਐੱਸ ਨੇ ਆਪਣੀ ਪੋਸਟ ਵਿਚ ਕਿਸੇ ਖਾਸ ਮਾਮਲੇ ਜਾਂ ਸੰਦਰਭ ਦਾ ਜ਼ਿਕਰ ਨਹੀਂ ਕੀਤਾ ਪਰ ਇਹ ਸਪੱਸ਼ਟ ਕਰ ਦਿੱਤਾ ਕਿ ਨਿਯਮਾਂ ਨੂੰ ਤੋੜਨ ਵਾਲਿਆਂ ਨੂੰ ਦੇਸ਼ ਨਿਕਾਲਾ ਸਮੇਤ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਯੂ.ਐੱਸ.ਸੀ.ਆਈ.ਐੱਸ ਵੱਲੋਂ ਇਹ ਚੇਤਾਵਨੀ ਅਮਰੀਕੀ ਸਰਕਾਰ ਵੱਲੋਂ ਹਾਲ ਹੀ ਵਿਚ ਐਲਾਨੀ ਗਈ ਫੜੋ ਅਤੇ ਰੱਦ ਕਰੋ ਨੀਤੀ ਤੋਂ ਬਾਅਦ ਆਈ ਹੈ। ਇਹ ਨੀਤੀ ਅਮਰੀਕੀ ਕਾਨੂੰਨਾਂ ਦੀ ਉਲੰਘਣਾ ਕਰਨ ਵਾਲੇ ਪ੍ਰਵਾਸੀਆਂ ਵਿਰੁੱਧ ਕਾਰਵਾਈ ਕਰਨ ਲਈ ਬਣਾਈ ਗਈ ਹੈ। ਪਿਛਲੇ ਮਹੀਨੇ ਮਈ ਵਿਚ ਦਿੱਲੀ ਵਿਚ ਅਮਰੀਕੀ ਦੂਤਘਰ ਨੇ ਅਮਰੀਕਾ ਵਿਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਲਈ ਇੱਕ ਚੇਤਾਵਨੀ ਜਾਰੀ ਕੀਤੀ ਸੀ। ਆਪਣੇ ਸਖ਼ਤ ਬਿਆਨ ਵਿਚ ਦੂਤਘਰ ਨੇ ਕਿਹਾ ਸੀ ਕਿ ਵੀਜ਼ਾ ‘ਤੇ ਆਏ ਲੋਕਾਂ ਨੂੰ ਆਪਣੀ ਨਿਰਧਾਰਤ ਮਿਆਦ ਤੋਂ ਵੱਧ ਸਮਾਂ ਨਹੀਂ ਰਹਿਣਾ ਚਾਹੀਦਾ। ਜੇਕਰ ਕੋਈ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਕੇ ਨਿਰਧਾਰਤ ਸਮੇਂ ਤੋਂ ਵੱਧ ਅਮਰੀਕਾ ਵਿੱਚ ਰਹਿੰਦਾ ਹੈ, ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅਜਿਹੇ ਲੋਕਾਂ ‘ਤੇ ਜੀਵਨ ਭਰ ਲਈ ਅਮਰੀਕਾ ਵਿਚ ਦਾਖਲ ਹੋਣ ‘ਤੇ ਪਾਬੰਦੀ ਲਗਾਈ ਜਾ ਸਕਦੀ ਹੈ।
ਅਮਰੀਕੀ ਕਾਨੂੰਨ ਤੋੜਨ ਵਾਲਿਆਂ ਦੇ ਗ੍ਰੀਨ ਕਾਰਡ ਅਤੇ ਵੀਜ਼ਾ ਕੀਤੇ ਜਾਣਗੇ ਰੱਦ
