#PUNJAB

ਅਮਰੀਕੀ ਕਾਂਗਰਸ ਵੱਲੋਂ ‘ਸਾਕਾ ਨਕੋਦਰ’ ਨੂੰ ਮਾਨਤਾ ਦੇਣ ਵਾਲਾ ਮਤਾ ਪਾਸ

– 1986 ਵਿਚ ਚਾਰ ਸਿੱਖ ਨੌਜਵਾਨ ਪੰਜਾਬ ਪੁਲਿਸ ਦੀਆਂ ਗੋਲੀਆਂ ਨਾਲ ਹੋਏ ਸਨ ਸ਼ਹੀਦ
– ਪੰਜਾਬ ਵਿਧਾਨ ਸਭਾ ਨੇ ਸ਼ਰਧਾਂਜਲੀਆਂ ਤਾਂ ਦਿੱਤੀਆਂ ਪਰ ਰਿਪੋਰਟ ਸਦਨ ਵਿਚ ਨਾ ਰੱਖੀ
ਜਲੰਧਰ, 15 ਅਪ੍ਰੈਲ (ਪੰਜਾਬ ਮੇਲ)- ਅਮਰੀਕੀ ਕਾਂਗਰਸ ਨੇ ਸਾਕਾ ਨਕੋਦਰ ਨੂੰ ਮਾਨਤਾ ਦੇਣ ਵਾਲਾ ਮਤਾ ਪਾਸ ਕਰ ਦਿੱਤਾ ਹੈ। ਪਾਸ ਹੋਏ ਮਤੇ ਦੀ ਕਾਪੀ ਸਾਕਾ ਨਕੋਦਰ ਦੇ ਸ਼ਹੀਦ ਹੋਏ ਸਿੱਖ ਨੌਜਵਾਨ ਦੇ ਮਾਪਿਆਂ ਨੂੰ ਕਾਂਗਰਸਮੈਨ ਜਿੰਮੀ ਪਾਨੇਟਾ ਨੇ ਅਮਰੀਕਾ ਦੇ ਸੈਨਹੋਜ਼ੇ ਦੇ ਗੁਰਦੁਆਰੇ ਵਿਚ ਵਿਸਾਖੀ ਦੇ ਸਮਾਗਮ ਦੌਰਾਨ ਭੇਟ ਕੀਤੀ। ਹਾਲਾਂਕਿ ਇਹ ਮਤਾ 6 ਫਰਵਰੀ ਨੂੰ ਪਾਸ ਕੀਤਾ ਗਿਆ ਸੀ। ਮਤੇ ਵਿਚ ਪੰਜਾਬ ਪੁਲਿਸ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਚਾਰ ਨੌਜਵਾਨਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਦੌਰਾਨ ਭਾਈ ਰਵਿੰਦਰ ਸਿੰਘ, ਭਾਈ ਹਰਮਿੰਦਰ ਸਿੰਘ, ਭਾਈ ਝਿਲਮਣ ਸਿੰਘ ਅਤੇ ਭਾਈ ਬਲਧੀਰ ਸਿੰਘ ਨੂੰ 6 ਫਰਵਰੀ ਨੂੰ ਅਮਰੀਕੀ ਕਾਂਗਰਸ ਵੱਲੋਂ ਸ਼ਰਧਾਂਜਲੀ ਦਿੱਤੀ ਗਈ ਸੀ। ਪਾਸ ਕੀਤੇ ਮਤੇ ਦੀ ਕਾਪੀ ਇਸ ਸਾਕੇ ਵਿਚ ਸ਼ਹੀਦ ਹੋਏ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਮਾਪਿਆਂ ਬਾਪੂ ਬਲਦੇਵ ਸਿੰਘ ਅਤੇ ਮਾਤਾ ਬਲਦੀਪ ਕੌਰ ਨੂੰ ਵੀ ਭੇਟ ਕੀਤੀ ਗਈ। ਦੁੱਖ ਦੀ ਗੱਲ ਹੈ ਕਿ ਬਾਕੀ ਦੇ ਤਿੰਨ ਸ਼ਹੀਦਾਂ ਦੇ ਮਾਪੇ ਆਪਣੇ ਪੁੱਤਰਾਂ ਨੂੰ ਇਨਸਾਫ਼ ਨਾ ਮਿਲਣ ਤੋਂ ਬਿਨਾਂ ਹੀ ਅਕਾਲ ਚਲਾਣਾ ਕਰ ਗਏ। ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਵਿਚ ਇਨ੍ਹਾਂ ਚਾਰੇ ਸਿੱਖ ਨੌਜਵਾਨਾਂ ਨੂੰ ਸ਼ਰਧਾਂਜਲੀ ਤਾਂ ਦਿੱਤੀ ਗਈ ਸੀ ਪਰ ਇਸ ਕਤਲੇਆਮ ਦੀ ਜਾਂਚ ਰਿਪੋਰਟ ਕਦੇ ਵੀ ਸਦਨ ਵਿਚ ਨਹੀਂ ਰੱਖੀ ਗਈ।
ਜ਼ਿਕਰਯੋਗ ਹੈ ਕਿ 4 ਫਰਵਰੀ 1986 ਨੂੰ ਵਾਪਰਿਆ ਨਕੋਦਰ ਬੇਅਦਬੀ ਕਾਂਡ ਬਹੁਤ ਚਰਚਾ ਵਿਚ ਰਿਹਾ ਸੀ। ਘਟਨਾ ਦੇ ਲਗਪਗ 40 ਸਾਲ ਬੀਤ ਜਾਣ ਦੇ ਬਾਵਜੂਦ ਕੋਈ ਮੁਲਜ਼ਮ ਫੜਿਆ ਨਹੀਂ ਗਿਆ ਤੇ ਨਾ ਹੀ ਕਿਸੇ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਨਿਯੁਕਤ ਜਸਟਿਸ ਗੁਰਨਾਮ ਸਿੰਘ ਜਾਂਚ ਕਮਿਸ਼ਨ ਨੇ 31 ਅਕਤੂਬਰ, 1986 ਨੂੰ ਰਿਪੋਰਟ ਪੇਸ਼ ਕਰ ਦਿੱਤੀ ਸੀ। ਇਹ ਰਿਪੋਰਟ ਕਦੇ ਵੀ ਪੰਜਾਬ ਵਿਧਾਨ ਸਭਾ ਵਿਚ ਨਹੀਂ ਰੱਖੀ ਗਈ। ਕਾਂਗਰਸਮੈਨ ਪਾਨੇਟਾ ਦੀ ਸ਼ਲਾਘਾ ਕਰਦੇ ਹੋਏ ਬਾਪੂ ਬਲਦੇਵ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਦੀ ਕਿਸੇ ਵੀ ਸੰਸਥਾ ਤੋਂ ਇਨਸਾਫ਼ ਦੀ ਕੋਈ ਉਮੀਦ ਨਹੀਂ ਬਚੀ ਹੈ। ਕੈਲੀਫੋਰਨੀਆ ਤੋਂ ਅਮਰੀਕੀ ਕਾਂਗਰਸ ਦੇ ਪ੍ਰਤੀਨਿਧੀ ਜਿੰਮੀ ਪਾਨੇਟਾ ਨੇ ਮਤਾ ਪਾਸ ਹੋਣ ਦੌਰਾਨ ਸਪੀਕਰ ਨੂੰ ਕਿਹਾ ਸੀ ਕਿ ਉਹ 4 ਫਰਵਰੀ 1986 ਨੂੰ ਸਾਕਾ ਨਕੋਦਰ ਦਿਵਸ ਵਜੋਂ ਮਾਨਤਾ ਦਿੰਦੇ ਹਨ। ਉਸ ਦਿਨ ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸ਼ਾਂਤੀਪੂਰਵਕ ਵਿਰੋਧ ਕਰਦੇ ਹੋਏ ਚਾਰ ਨਿਹੱਥੇ ਸਿੱਖ ਵਿਦਿਆਰਥੀਆਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕੇਸ ਵਿਚ ਕਿਸੇ ਨੂੰ ਵੀ ਦੋਸ਼ੀ ਨਹੀਂ ਠਹਿਰਾਇਆ ਗਿਆ ਤੇ ਨਾ ਹੀ ਕਦੇ ਕਿਸੇ ਨੂੰ ਅਦਾਲਤ ਦੇ ਕਟਹਿਰੇ ਵਿਚ ਖੜ੍ਹਾ ਕੀਤਾ ਗਿਆ। ਇੱਥੋਂ ਤੱਕ ਕਿ ਸਰਕਾਰ ਵੱਲੋਂ ਬਣਾਏ ਜਾਂਚ ਕਮਿਸ਼ਨ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। 4 ਫਰਵਰੀ ਪੰਜਾਬ ਦੇ ਸਿੱਖਾਂ ਲਈ ਹੀ ਨਹੀਂ, ਸਗੋਂ ਅਮਰੀਕਾ ਦੇ ਸਿੱਖਾਂ ਲਈ ਵੀ ਇੱਕ ਕਾਲਾ ਦਿਨ ਬਣਿਆ ਹੋਇਆ ਹੈ।