ਸੈਕਰਾਮੈਂਟੋ, 9 ਨਵੰਬਰ (ਹੁਸਨ ਲੜੋਆ ਬੰਗਾ)- ਹਾਲਾਂਕਿ ਰਾਸ਼ਟਰਪਤੀ ਚੋਣਾਂ ‘ਚ ਡੈਮੋਕ੍ਰੈਟਿਕ ਉਮੀਦਵਾਰ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਰਿਪਬਲੀਕਨ ਉਮੀਦਵਾਰ ਡੋਨਾਲਡ ਟਰੰਪ ਕੋਲੋਂ ਚੋਣ ਹਾਰ ਗਏ ਹਨ ਪਰੰਤੂ ਭਾਰਤੀ ਮੂਲ ਦੇ ਬਹੁਤ ਸਾਰੇ ਡੈਮੋਕ੍ਰੈਟਿਕ ਆਗੂ ਅਮਰੀਕੀ ਕਾਂਗਰਸ (ਪ੍ਰਤੀਨਿੱਧ ਸਦਨ) ਲਈ ਮੁੜ ਚੋਣ ਜਿੱਤ ਗਏ ਹਨ। ਇਨ੍ਹਾਂ ਆਗੂਆਂ ਨੇ ਵੱਖ-ਵੱਖ ਰਾਜਾਂ ਤੋਂ ਵੋਟਾਂ ਦੇ ਵੱਡੇ ਫਰਕ ਨਾਲ ਚੋਣ ਜਿੱਤ ਕੇ ਮੁੜ ਆਪਣੀ ਲੋਕਪ੍ਰਿਯਤਾ ਨੂੰ ਸਾਬਤ ਕੀਤਾ ਹੈ। ਅਮਰੀਕੀ ਕਾਂਗਰਸ ਦੇ ਪ੍ਰਤੀਨਿੱਧ ਸਦਨ ਲਈ ਚੁਣੇ ਗਏ ਇਨ੍ਹਾਂ ਆਗੂਆਂ ਵਿਚ ਸ਼੍ਰੀ ਥਾਨੇਦਾਰ, ਰਾਜਾ ਕ੍ਰਿਸ਼ਨਾਮੂਰਤੀ, ਪ੍ਰਾਮਿਲਾ ਜੈਯਾਪਾਲ, ਐਮੀ ਬੇਰਾ ਤੇ ਆਰ.ਓ. ਖੰਨਾ ਸ਼ਾਮਲ ਹਨ। ਸ਼੍ਰੀ ਥਾਨੇਦਾਰ ਮਿਸ਼ੀਗਨ ਦੇ 13ਵੇਂ ਕਾਂਗਰਸ ਡਿਸਟ੍ਰਿਕਟ ਤੋਂ 62.8% ਵੋਟਾਂ ਲੈ ਕੇ ਚੋਣ ਜਿੱਤੇ ਹਨ। ਸ਼੍ਰੀ ਥਾਨੇਦਾਰ ਦੀ ਰਿਪਬਲੀਕਨ ਉਮੀਦਵਾਰ ਮਾਰਟੈਲ ਬਿਵਿੰਗਜ ਉਪਰ ਲਗਾਤਾਰ ਇਹ ਦੂਸਰੀ ਜਿੱਤ ਹੈ। ਇਸ ਤੋਂ ਪਹਿਲਾਂ 2022 ਵਿਚ ਥਾਨੇਦਾਰ ਨੇ ਬਿਵਿੰਗਜ ਨੂੰ 71% ਵੋਟਾਂ ਲੈ ਕੇ ਹਰਾਇਆ ਸੀ। ਰਾਜਾ ਕ੍ਰਿਸ਼ਨਾਮੂਰਤੀ ਨੇ ਇਲੀਨੋਇਸ ਦੇ 8ਵੇਂ ਡਿਸਟ੍ਰਿਕਟ ਤੋਂ ਲਗਾਤਾਰ ਪੰਜਵੀਂ ਵਾਰ ਚੋਣ ਜਿੱਤੀ ਹੈ। ਉਨ੍ਹਾਂ ਨੇ ਅਮਰੀਕੀ ਮੱਤਦਾਤਾ ਦਾ ਧੰਨਵਾਦ ਕਰਦਿਆਂ ਸਮਾਜਿਕ ਸੁਰੱਖਿਆ, ਡਾਕਟਰੀ ਇਲਾਜ਼, ਔਰਤਾਂ ਦੇ ਜਣੇਪਾ ਅਧਿਕਾਰਾਂ ਤੇ ਗੰਨ ਸੁਰੱਖਿਆ ਸਬੰਧੀ ਕਦਮ ਚੁੱਕਣ ਪ੍ਰਤੀ ਮੁੜ ਵਚਨਬੱਧਤਾ ਦੁਹਰਾਈ ਹੈ। ਪ੍ਰਾਮਿਲਾ ਜੈਯਾਪਾਲ ਜੋ ਵਾਸ਼ਿੰਗਟਨ ਦੇ 7ਵੇਂ ਡਿਸਟ੍ਰਿਕਟ ਦੀ ਪ੍ਰਤੀਨਿੱਧਤਾ ਕਰਦੇ ਹਨ, ਨੇ ਦੂਸਰੀ ਵਾਰ 85% ਵੋਟਾਂ ਲੈ ਕੇ ਜਿੱਤ ਹਾਸਲ ਕੀਤੀ ਹੈ। ਐਮੀ ਬੇਰਾ ਜੋ ਕੈਲੀਫੋਰਨੀਆ ਦੇ 6ਵੇਂ ਕਾਂਗਰਸ ਡਿਸਟ੍ਰਿਕਟ ਦੀ ਪ੍ਰਤੀਨਿੱਧਤਾ ਕਰਦੇ ਹਨ, ਨੇ 57.5% ਵੋਟਾਂ ਹਾਸਲ ਕਰਕੇ ਮੁੜ ਚੋਣ ਜਿੱਤ ਲਈ ਹੈ। ਉਨ੍ਹਾਂ ਨੇ ਰਿਪਬਲੀਕਨ ਉਮੀਦਵਾਰ ਕ੍ਰਿਸਟਾਈਨ ਬਿਸ਼ ਨੂੰ ਹਰਾਇਆ। ਬਿਸ਼ ਨੂੰ 42.5% ਵੋਟਾਂ ਮਿਲੀਆਂ। ਉਹ ਪਹਿਲੀ ਵਾਰ 2013 ‘ਚ ਪ੍ਰਤੀਨਿੱਧ ਸਦਨ ਲਈ ਚੁਣੇ ਗਏ ਸਨ। ਆਰ.ਓ. ਖੰਨਾ ਨੇ ਕੈਲੀਫੋਰਨੀਆ ਦੇ 17ਵੇਂ ਡਿਸਟ੍ਰਿਕਟ ਤੋਂ 65.9% ਵੋਟਾਂ ਨਾਲ ਜਿੱਤ ਹਾਸਲ ਕਰਕੇ ਮੁੜ ਆਪਣਾ ਦਬਦਬਾ ਕਾਇਮ ਰੱਖਿਆ ਹੈ। ਉਨ੍ਹਾਂ ਨੇ ਰਿਪਬਲੀਕਨ ਉਮੀਦਵਾਰ ਅਨੀਤਾ ਚੇਨ ਨੂੰ ਹਰਾਇਆ, ਜਿਨ੍ਹਾਂ ਨੂੰ 34.1% ਵੋਟਾਂ ਮਿਲੀਆਂ।