#INDIA

ਅਮਰੀਕੀ ਉਪ ਰਾਸ਼ਟਰਪਤੀ ਸਮੇਤ ਹੋਰ ਉੱਚ ਅਧਿਕਾਰੀ ਅਗਲੇ ਮਹੀਨੇ ਕਰਨਗੇ ਭਾਰਤ ਦਾ ਦੌਰਾ

ਨਵੀਂ ਦਿੱਲੀ, 24 ਮਾਰਚ (ਪੰਜਾਬ ਮੇਲ)- ਅਗਲੇ ਮਹੀਨੇ ਤੋਂ ਭਾਰਤ ਤੇ ਅਮਰੀਕੀ ਉੱਚ ਪੱਧਰੀ ਅਧਿਕਾਰੀਆਂ ਵਿਚਾਲੇ ਕਈ ਮੀਟਿੰਗਾਂ ਹੋਣ ਵਾਲੀਆਂ ਹਨ, ਤਾਂ ਜੋ ਦੋਵਾਂ ਦੇਸ਼ਾਂ ਵਿਚਾਲੇ ਰਣਨੀਤਿਕ ਭਾਈਵਾਲੀ ਨੂੰ ਵਧਾਇਆ ਜਾ ਸਕੇ। ਇਸੇ ਸਿਲਸਿਲੇ ‘ਚ ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ, ਡਿਫੈਂਸ ਸੈਕਟਰੀ ਪੀਟ ਹੈਗਸੇਥ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕਲ ਵਾਲਟਜ਼ ਭਾਰਤ ਦਾ ਦੌਰਾ ਕਰਨਗੇ। ਇਹ ਜਾਣਕਾਰੀ ਅਮਰੀਕੀ ਨੈਸ਼ਨਲ ਇੰਟੈਲੀਜੈਂਸ ਦੀ ਡਾਇਰੈਕਟਰ ਤੁਲਸੀ ਗਬਾਰਡ ਨੇ ਭਾਰਤ ਦੌਰੇ ਦੌਰਾਨ ਦਿੱਤੀ ਸੀ।
ਇਨ੍ਹਾਂ ਅਧਿਕਾਰੀਆਂ ਦੇ ਦੌਰੇ ਜਨਵਰੀ ‘ਚ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਟਰੰਪ ਦੇ ਸਹੁੰ-ਚੁੱਕ ਸਮਾਰੋਹ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਰਵਰੀ ‘ਚ ਅਮਰੀਕਾ ਦੌਰੇ ਦੇ ਸਿਲਸਿਲੇ ਨੂੰ ਅੱਗੇ ਵਧਾਉਣਗੇ।
ਇਸ ਦੌਰਾਨ ਅਮਰੀਕੀ ਉਪ ਰਾਸ਼ਟਰਪਤੀ ਤੇ ਮਾਈਕਲ ਵਾਲਟਜ਼ ਦੇ ਮੱਧ ਅਪ੍ਰੈਲ ‘ਚ ਦਿੱਲੀ ਪਹੁੰਚਣ ਦਾ ਅੰਦਾਜ਼ਾ ਹੈ, ਜਦਕਿ ਹੇਗਸੇਥ ਦੇ ਮਈ ਜਾਂ ਜੂਨ ‘ਚ ਦਿੱਲੀ ਪਹੁੰਚਣ ਦੀ ਉਮੀਦ ਹੈ। ਇਸ ਤੋਂ ਇਲਾਵਾ ਅਮਰੀਕੀ ਵਪਾਰ ਪ੍ਰਤੀਨਿਧੀ ਬ੍ਰੈਂਡਨ ਲਿੰਚ ਵੀ ਅਗਲੇ ਹਫ਼ਤੇ ਭਾਰਤ ਪਹੁੰਚਣਗੇ। ਇਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਅਮਰੀਕਾ ਵੱਲੋਂ ਲਗਾਏ ਜਾ ਰਹੇ ਟੈਰਿਫ਼ ਦਾ ਕੋਈ ਹੱਲ ਕੱਢੇ ਜਾਣ ‘ਤੇ ਵਿਚਾਰ-ਚਰਚਾ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕੀ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਤੁਲਸੀ ਗਬਾਰਡ ਸਾਲਨਾ ਇੰਟੈਲੀਜੈਂਸ ਮੀਟ ਦੌਰਾਨ ਭਾਰਤ ਆਏ ਸਨ। ਤੁਲਸੀ ਭਾਰਤ ਆਉਣ ਵਾਲੀ ਟਰੰਪ ਕੈਬਿਨਟ ਦੀ ਪਹਿਲੀ ਅਧਿਕਾਰੀ ਸੀ। ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੇ ਰਾਸ਼ਟਰੀ ਸੁਰੱਖਿਆ ਏਜੰਟ ਅਜੀਤ ਡੋਵਾਲ ਨਾਲ ਮੁਲਾਕਾਤ ਕੀਤੀ ਸੀ।