#EUROPE

ਅਮਰੀਕੀ ਉਤਪਾਦਾਂ ਦੇ ਬਾਈਕਾਟ ਲਈ ਮਦਦਗਾਰ ਬਣੀ ਐਪ

-ਕੂਟਨੀਤਕ ਤਣਾਅ ਤੋਂ ਬਾਅਦ ਡੈਨਮਾਰਕ ਤੇ ਹੋਰ ਦੇਸ਼ਾਂ ਦੀ ਐਪ ‘ਚ ਦਿਲਚਸਪੀ ਵਧੀ
ਕੋਪਨਹੈਗਨ, 9 ਫਰਵਰੀ (ਪੰਜਾਬ ਮੇਲ)- ਖਰੀਦਦਾਰਾਂ ਨੂੰ ਅਮਰੀਕੀ ਵਸਤਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦਾ ਬਾਈਕਾਟ ਕਰਨ ਵਿਚ ਮਦਦ ਕਰਨ ਲਈ ਬਣਾਈਆਂ ਗਈਆਂ ਮੋਬਾਈਲ ਐਪਸ ਦੇ ਨਿਰਮਾਤਾਵਾਂ ਅਨੁਸਾਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਗਰੀਨਲੈਂਡ ਨੂੰ ਖਰੀਦਣ ਦੀ ਇੱਛਾ ਕਾਰਨ ਪੈਦਾ ਹੋਏ ਕੂਟਨੀਤਕ ਤਣਾਅ ਤੋਂ ਬਾਅਦ ਡੈਨਮਾਰਕ ਅਤੇ ਹੋਰ ਦੇਸ਼ਾਂ ਵਿਚ ਇਨ੍ਹਾਂ ਐਪਸ ਪ੍ਰਤੀ ਲੋਕਾਂ ਦੀ ਦਿਲਚਸਪੀ ਵਿਚ ਭਾਰੀ ਉਛਾਲ ਆਇਆ ਹੈ।
‘ਮੇਡ ਓ’ਮੀਟਰ’ ਐਪ ਤਿਆਰ ਕਰਨ ਵਾਲੇ ਇਆਨ ਰੋਜ਼ਨਫੈਲਡ ਨੇ ਦੱਸਿਆ ਕਿ ਜਨਵਰੀ ਦੇ ਅਖੀਰ ਵਿਚ ਜਦੋਂ ਅਮਰੀਕਾ ਅਤੇ ਯੂਰਪ ਵਿਚਾਲੇ ਰਿਸ਼ਤੇ ਤਣਾਅਪੂਰਨ ਸਨ, ਤਾਂ ਸਿਰਫ਼ ਤਿੰਨ ਦਿਨਾਂ ਅੰਦਰ ਹੀ ਇਸ ਮੁਫ਼ਤ ਐਪ ਨੂੰ ਲਗਭਗ 30 ਹਜ਼ਾਰ ਵਾਰ ਡਾਊਨਲੋਡ ਕੀਤਾ ਗਿਆ ਸੀ। ਮਾਰਚ ਵਿਚ ਇਸ ਦੇ ਲਾਂਚ ਹੋਣ ਤੋਂ ਬਾਅਦ ਹੁਣ ਤੱਕ ਕੁੱਲ ਡਾਊਨਲੋਡਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ ਹੋ ਚੁੱਕੀ ਹੈ।
ਕੋਪਨਹੈਗਨ ਦੇ ਰਹਿਣ ਵਾਲੇ ਅਤੇ ਡਿਜੀਟਲ ਮਾਰਕੀਟਿੰਗ ਖੇਤਰ ਵਿਚ ਕੰਮ ਕਰਨ ਵਾਲੇ 53 ਸਾਲਾ ਰੋਜ਼ਨਫੈਲਡ ਨੇ ਇਹ ਐਪ ਬਣਾਉਣ ਦੀ ਯੋਜਨਾ ਸਾਲ ਪਹਿਲਾਂ ਉਦੋਂ ਬਣਾਈ ਸੀ, ਜਦੋਂ ਉਹ ਅਮਰੀਕੀ ਸਾਮਾਨ ਦਾ ਬਾਈਕਾਟ ਕਰਨ ਦੀ ਇੱਛਾ ਰੱਖਣ ਵਾਲੇ ਡੈਨਮਾਰਕ ਦੇ ਲੋਕਾਂ ਦੇ ਫੇਸਬੁੱਕ ਗਰੁੱਪ ਵਿਚ ਸ਼ਾਮਲ ਹੋਇਆ ਸੀ। ਉਸ ਸਮੇਂ ਬਹੁਤ ਸਾਰੇ ਲੋਕ ਨਿਰਾਸ਼ ਸਨ ਅਤੇ ਇਹ ਸੋਚ ਰਹੇ ਸਨ ਕਿ ਅਮਲੀ ਤੌਰ ‘ਤੇ ਇਹ ਕਿਵੇਂ ਪਤਾ ਲਾਇਆ ਜਾਵੇ ਕਿ ਕਿਹੜਾ ਉਤਪਾਦ ਅਮਰੀਕੀ ਹੈ, ਕਿਉਂਕਿ ਆਮ ਬਾਰਕੋਡ ਸਕੈਨਰ ਨਾਲ ਅਮਰੀਕੀ ਤੇ ਡੈਨਿਸ਼ ਉਤਪਾਦਾਂ ਵਿਚ ਫਰਕ ਕਰਨਾ ਮੁਸ਼ਕਲ ਹੁੰਦਾ ਹੈ।
‘ਮੇਡ ਓ’ਮੀਟਰ’ ਦੀ ਨਵੀਂ ਐਪ ਮਸਨੂਈ ਬੌਧਿਕਤਾ (ਏ.ਆਈ.) ਦੀ ਵਰਤੋਂ ਕਰਦੀ ਹੈ, ਜੋ ਇੱਕੋ ਸਮੇਂ ਕਈ ਉਤਪਾਦਾਂ ਦੀ ਪਛਾਣ ਅਤੇ ਵਿਸ਼ਲੇਸ਼ਣ ਕਰ ਸਕਦੀ ਹੈ ਅਤੇ ਫਿਰ ਉਨ੍ਹਾਂ ਬਦਲੇ ਯੂਰਪ ਵਿਚ ਬਣੇ ਉਤਪਾਦਾਂ ਦੀ ਸਿਫ਼ਾਰਸ਼ ਕਰਦੀ ਹੈ।