#AMERICA

ਅਮਰੀਕੀ ਇਤਿਹਾਸ ‘ਚ ਸਿੱਖਾਂ ਦੀ ਇਤਿਹਾਸਿਕ ਜਿੱਤ

ਕੈਲੀਫੋਰਨੀਆਂ ਵਸਦੇ ਸਿੱਖ ਬਿਨਾਂ ਹੈਲਮਟ ਤੋਂ ਪੱਗੜੀ ਨਾਲ ਚਲਾ ਸਕਣਗੇ ਮੋਟਰਸਾਈਕਲ

ਸੈਕਰਾਮੈਂਟੋ, 20 ਸਤੰਬਰ (ਮਾਛੀਕੇ/ਧਾਲੀਆਂ/ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਸਿੱਖ ਭਾਈਚਾਰੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ 14 ਸਤੰਬਰ 2023 ਨੂੰ ਕੈਲੀਫੋਰਨੀਆਂ ਦੀ ਰਾਜਧਾਨੀ ਸੈਕਰਾਮੈਂਟੋ ਵਿਖੇ ਕੈਲੀਫੋਰਨੀਆਂ ਸਟੇਟ ਸੈਨੇਟ ਵਿਚ ਬਿੱਲ S2-847 ਵੱਡੇ ਬਹੁਮਤ ਨਾਲ ਪਾਸ ਹੋ ਗਿਆ ਹੈ। ਹੁਣ ਇਸ ਬਿੱਲ ‘ਤੇ ਕੈਲੀਫੋਰਨੀਆ ਸਟੇਟ ਦੇ ਗਵਰਨਰ ਦੇ ਦਸਤਖ਼ਤ ਦੇ ਨਾਲ ਇਹ ਇੱਕ ਕਾਨੂੰਨ ਬਣ ਜਾਵੇਗਾ। ਇਸ ਦੇ ਤਹਿਤ ਜਲਦੀ ਹੀ ਸਿੱਖ ਸਿਰਾਂ ਉੱਪਰ ਪੱਗਾਂ, ਦਸਤਾਰਾਂ ਅਤੇ ਦੁਮਾਲੇ ਸਜਾਕੇ, ਕੈਲੀਫੋਰਨੀਆ ਸਟੇਟ ਵਿਚ ਕਾਨੂੰਨੀ ਤੌਰ ਤੇ ਮੋਟਰਸਾਈਕਲ ਚਲਾ ਸਕਦੇ ਹਨ। ਬਿੱਲ S2-847 ਸਟੇਟ ਸੈਨੇਟਰ ਬਰਾਇਨ ਡਾਹਲੀ ਨੇ ਕਾਨੂੰਨ ਦੇ ਮਾਹਰਾਂ ਅਤੇ ਪਲੈਨਿੰਗ ਕਮਿਸ਼ਨ ਦੇ ਵਾਈਸ ਚੇਅਰਮੈਨ ਮਨਦੀਪ ਸਿੰਘ ਦੀ ਮਦਦ ਨਾਲ ਤਿਆਰ ਕੀਤਾ ਸੀ। ਇਕ ਮੁਕੰਮਲ ਕਾਨੂੰਨ ਬਣਨ ਤੋਂ ਪਹਿਲਾ ਬਿੱਲ S2-847 ਨੂੰ ਬਹੁਤ ਸਾਰੀਆਂ ਸਟੇਟ ਕਮੇਟੀਆਂ, ਸੈਨੇਟ ਫਲੋਰ, ਅਸੈਂਬਲੀ ਫਲੋਰ ਅਤੇ ਹੋਰ ਬਹੁਤ ਸਾਰੀਆਂ ਪ੍ਰਕਿਰਿਆ ਵਿਚੋਂ ਲੰਘਣਾ ਪਿਆ। ਸੈਨੇਟਰ ਬਰਾਇਨ ਡਾਹਲੀ ਅਤੇ ਪਲੈਨਿੰਗ ਕਮਿਸ਼ਨ ਦੇ ਵਾਈਸ ਚੇਅਰਮੈਨ ਮਨਦੀਪ ਸਿੰਘ ਨੇ ਬਹੁਤ ਮਿਹਨਤ ਕਰਕੇ ਬਿੱਲ S2-847 ਨੂੰ ਹਰ ਇੱਕ ਪੜਾਵ ਵਿਚੋਂ ਵੱਡੇ ਬਹੁਮਤ ਨਾਲ ਪਾਸ ਕਰਵਾਇਆ ਹੈ। ਅਮਰੀਕਾ ਵਿਚ ਵੱਡੀ ਗਿਣਤੀ ਵਿਚ ਸਿੱਖ ਭਾਈਚਾਰਾ ਰਹਿ ਰਿਹਾ ਹੈ ਅਤੇ ਇਤਿਹਾਸ ‘ਚ ਪਹਿਲੀ ਵਾਰ ਸਿੱਖਾਂ ਨੂੰ ਅਮਰੀਕਾ ਦੀ ਕਿਸੇ ਸਟੇਟ ਵਿਚ ਕਾਨੂੰਨੀ ਤੌਰ ‘ਤੇ ਪੱਗ ਬੰਨ੍ਹ ਕੇ ਮੋਟਰਸਾਈਕਲ ਚਲਾਉਣ ਦਾ ਹੱਕ ਮਿਲਣ ਜਾ ਰਿਹਾ ਹੈ।

Leave a comment