#AMERICA

ਅਮਰੀਕੀ ਅਦਾਲਤ ਵੱਲੋਂ ਜਨਮ-ਆਧਾਰਿਤ ਨਾਗਰਿਕਤਾ ਖਤਮ ਕਰਨ ਸੰਬੰਧੀ ਟਰੰਪ ਦਾ ਆਦੇਸ਼ ਗੈਰ ਸੰਵਿਧਾਨਕ ਕਰਾਰ

ਵਾਸ਼ਿੰਗਟਨ, 24 ਜੁਲਾਈ (ਪੰਜਾਬ ਮੇਲ)- ਅਮਰੀਕਾ ਦੀ ਇੱਕ ਸੰਘੀ ਅਪੀਲ ਅਦਾਲਤ ਨੇ ਬੁੱਧਵਾਰ ਨੂੰ ਆਪਣੇ ਫੈਸਲੇ ਵਿਚ ਕਿਹਾ ਕਿ ਜਨਮ-ਆਧਾਰਿਤ ਨਾਗਰਿਕਤਾ ਨੂੰ ਖਤਮ ਕਰਨ ਸਬੰਧੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਆਦੇਸ਼ ਗੈਰ-ਸੰਵਿਧਾਨਕ ਹੈ। ਅਦਾਲਤ ਨੇ ਨਾਲ ਹੀ ਦੇਸ਼ ਭਰ ਵਿਚ ਟਰੰਪ ਦੇ ਆਦੇਸ਼ ਨੂੰ ਲਾਗੂ ਕਰਨ ਨੂੰ ਰੋਕਣ ਦੇ ਅਧੀਨ ਅਦਾਲਤ ਦੇ ਫੈਸਲੇ ਨੂੰ ਵੀ ਬਰਕਰਾਰ ਰੱਖਿਆ। ਇਹ ਫੈਸਲਾ ‘9ਵੀਂ ਯੂ.ਐੱਸ. ਸਰਕਟ ਕੋਰਟ ਆਫ਼ ਅਪੀਲਜ਼’ ਦੇ ਤਿੰਨ ਜੱਜਾਂ ਦੇ ਪੈਨਲ ਦੁਆਰਾ ਦਿੱਤਾ ਗਿਆ, ਇਸ ਤੋਂ ਪਹਿਲਾਂ ਕਿ ਨਿਊ ਹੈਂਪਸ਼ਾਇਰ ਦੇ ਇੱਕ ਸੰਘੀ ਜੱਜ ਨੇ ਟਰੰਪ ਦੇ ਆਦੇਸ਼ ‘ਤੇ ਰੋਕ ਲਗਾਈ ਸੀ।
ਅਪੀਲ ਅਦਾਲਤ ਦਾ ਫੈਸਲਾ ਟਰੰਪ ਪ੍ਰਸ਼ਾਸਨ ਨੂੰ ਉਸ ਆਦੇਸ਼ ਨੂੰ ਲਾਗੂ ਕਰਨ ਤੋਂ ਰੋਕੇਗਾ ਜੋ ਅਮਰੀਕਾ ਵਿਚ ਗੈਰ-ਕਾਨੂੰਨੀ ਜਾਂ ਅਸਥਾਈ ਤੌਰ ‘ਤੇ ਰਹਿ ਰਹੇ ਲੋਕਾਂ ਦੇ ਬੱਚਿਆਂ ਨੂੰ ਨਾਗਰਿਕਤਾ ਦੇਣ ਤੋਂ ਇਨਕਾਰ ਕਰਦਾ ਹੈ। ਅਦਾਲਤ ਨੇ ਆਪਣੇ ਆਦੇਸ਼ ਵਿਚ ਕਿਹਾ, ”ਜ਼ਿਲ੍ਹਾ ਅਦਾਲਤ ਨੇ ਸਹੀ ਸਿੱਟਾ ਕੱਢਿਆ ਹੈ ਕਿ ਕਾਰਜਕਾਰੀ ਆਦੇਸ਼ ਦੀ ਪ੍ਰਸਤਾਵਿਤ ਵਿਆਖਿਆ, ਜੋ ਅਮਰੀਕਾ ਵਿਚ ਜਨਮੇ ਬਹੁਤ ਸਾਰੇ ਲੋਕਾਂ ਨੂੰ ਨਾਗਰਿਕਤਾ ਤੋਂ ਵਾਂਝਾ ਕਰਦੀ ਹੈ, ਗੈਰ-ਸੰਵਿਧਾਨਕ ਹੈ। ਅਸੀਂ ਇਸ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ।” ਫਿਲਹਾਲ ਵ੍ਹਾਈਟ ਹਾਊਸ (ਅਮਰੀਕੀ ਰਾਸ਼ਟਰਪਤੀ ਦਾ ਅਧਿਕਾਰਤ ਨਿਵਾਸ ਅਤੇ ਦਫਤਰ) ਅਤੇ ਨਿਆਂ ਮੰਤਰਾਲੇ ਨੇ ਅਦਾਲਤ ਦੇ ਫੈਸਲੇ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।