ਹੁਣ ਮਾਲ ਗੱਡੀਆਂ ਵਿਚ ਲੁੱਕ ਕੇ ਆ ਰਹੇ ਨੇ ਪ੍ਰਵਾਸੀ
ਵਾਸ਼ਿੰਗਟਨ, 20 ਦਸੰਬਰ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਵਿਚ ਪਹਿਲਾਂ ਹੀ ਮੈਕਸੀਕੋ ਬਾਰਡਰ ਰਾਹੀਂ ਲੱਖਾਂ ਲੋਕ ਅਮਰੀਕਾ ਵਿਚ ਦਾਖਲ ਹੋ ਰਹੇ ਹਨ, ਜੋ ਕਿ ਪੈਦਲ ਰਸਤੇ ਆਉਂਦੇ ਹਨ। ਪ੍ਰਵਾਸੀਆਂ ਨੇ ਬਾਰਡਰ ਟੱਪਣ ਦਾ ਨਵਾਂ ਤਰੀਕਾ ਲੱਭ ਲਿਆ ਹੈ। ਹੁਣ ਉਹ ਰੇਲਵੇ ਦੀ ਮਾਲ ਗੱਡੀ ਵਿਚ ਸਵਾਰ ਹੋ ਕੇ ਅਮਰੀਕਾ ਪਹੁੰਚ ਰਹੇ ਹਨ।
ਇਸ ਨੂੰ ਦੇਖਦੇ ਹੋਏ ਯੂ.ਐੱਸ. ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਮੈਕਸੀਕੋ ਰਾਹੀਂ ਪ੍ਰਵਾਸੀਆਂ ਨੂੰ ਅਮਰੀਕਾ ਦੀ ਸਰਹੱਦ ਤੱਕ ਲਿਜਾਣ ਲਈ ਮਾਲ ਗੱਡੀਆਂ ਦੀ ਵਰਤੋਂ ਕਰਨ ਵਾਲੇ ਮਨੁੱਖੀ ਤਸਕਰਾਂ ਦੇ ਸੰਗਠਨਾਂ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਵਿਭਾਗ ਵੱਲੋਂ ਦੱਖਣੀ ਸਰਹੱਦ ਦੇ ਨਾਲ ਟੈਕਸਾਸ ਦੇ ਦੋ ਸ਼ਹਿਰਾਂ ਵਿਚ ਕਾਰਵਾਈ ਕਰਦੇ ਹੋਏ ਅੰਤਰਰਾਸ਼ਟਰੀ ਰੇਲਵੇ ਕਰਾਸਿੰਗ ਪੁਲਾਂ ‘ਤੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਈਗਲ ਪਾਸ ਅਤੇ ਐਲਪਾਸੋ ਸ਼ਹਿਰਾਂ ‘ਤੇ ਰੇਲਵੇ ਕਰਾਸਿੰਗ ਪੁਲਾਂ ਨੂੰ ਬੰਦ ਕਰਵਾ ਦਿੱਤਾ ਹੈ, ਤਾਂ ਜੋ ਰੇਲਵੇ ਕਰਮਚਾਰੀਆਂ ਨੂੰ ਇਸ ਗੈਰ ਕਾਨੂੰਨੀ ਕੰਮ ਲਈ ਰੋਕਿਆ ਜਾ ਸਕੇ। ਵਿਭਾਗ ਵੱਲੋਂ ਗਸ਼ਤ ਵਿਚ ਹੋਰ ਤੇਜ਼ੀ ਲਿਆਂਦੀ ਗਈ ਹੈ। ਮੈਕਸੀਕੋ ਵਿਚ ਮਾਲ ਗੱਡੀਆਂ ਰਾਹੀਂ ਪ੍ਰਵਾਸੀਆਂ ਨੂੰ ਲਿਜਾਣ ਵਾਲੇ ਤਸਕਰੀ ਸੰਗਠਨਾਂ ਦੇ ਵਧਦੇ ਰੁਝਾਨ ਨੂੰ ਦੇਖਦੇ ਹੋਏ ਸੀ.ਬੀ.ਪੀ. ਕਰਮਚਾਰੀਆਂ ਵਿਚ ਵਾਧਾ ਕੀਤਾ ਗਿਆ ਹੈ। ਵਿਭਾਗ ਵੱਲੋਂ ਵੀਡੀਓ ਰਾਹੀਂ ਦੇਖਿਆ ਗਿਆ ਕਿ ਰੇਲ ਮਾਰਗ ਦੀਆਂ ਪੱਟੜੀਆਂ ਦੇ ਨਾਲ ਪ੍ਰਵਾਸੀ ਲੋਕ ਹਜ਼ਾਰਾਂ ਦੀ ਗਿਣਤੀ ਵਿਚ ਖੜ੍ਹੇ ਸਨ, ਜੋ ਕਿ ਮਾਲ ਗੱਡੀ ‘ਤੇ ਬੈਠ ਰਹੇ ਸਨ। ਬਾਰਡਰ ਗਸ਼ਤ ਨੂੰ ਵਧਾਉਣ ਨਾਲ ਪ੍ਰਵਾਸ ਨੂੰ ਠੱਲ੍ਹ ਪਾਈ ਜਾ ਸਕੇਗੀ।