– ਭਾਰਤੀਆਂ ਸਣੇ ਸੈਂਕੜੇ ਮੁਲਾਜ਼ਮਾਂ ਨੂੰ ਹੋਵੇਗਾ ਫਾਇਦਾ
– ਵਿਦੇਸ਼ੀ ਕਾਮਿਆਂ ਨੂੰ 800 ਦਿਨਾਂ ਜਾਂ ਦੋ ਸਾਲ ਤੋਂ ਵੱਧ ਸਮੇਂ ਦੀ ਕਰਨੀ ਪੈਂਦੀ ਹੈ ਉਡੀਕ
ਵਾਸ਼ਿੰਗਟਨ, 11 ਫਰਵਰੀ (ਪੰਜਾਬ ਮੇਲ)- ਅਮਰੀਕਾ ਸਾਲ ਦੇ ਅਖੀਰ ਤੱਕ ਐੱਚ-1ਬੀ ਅਤੇ ਐੱਲ 1 ਵੀਜ਼ਾ ਜਿਹੀਆਂ ਸ਼੍ਰੇਣੀਆਂ ਵਿਚ ਘਰੇਲੂ ਵੀਜ਼ਿਆਂ ਦੀ ਪ੍ਰਮਾਣਿਕਤਾ ਨਵਿਆਉਣ ਦਾ ਅਮਲ ਮੁੜ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਕਦਮ ਨਾਲ ਸੈਂਕੜੇ ਵਿਦੇਸ਼ੀ ਤਕਨੀਕੀ ਮੁਲਾਜ਼ਮਾਂ ਖਾਸ ਕਰ ਕੇ ਭਾਰਤ ਦੇ ਹਜ਼ਾਰਾਂ ਲੋਕਾਂ ਨੂੰ ਫਾਇਦਾ ਹੋਵੇਗਾ।
ਗੌਰਤਲਬ ਹੈ ਕਿ ਸੰਨ 2004 ਤੱਕ ਗੈਰ-ਪ੍ਰਵਾਸੀ ਵੀਜ਼ਿਆਂ ਦੀਆਂ ਕੁਝ ਸ਼੍ਰੇਣੀਆਂ ਖਾਸ ਤੌਰ ‘ਤੇ ਐੱਚ-1ਬੀ ਨੂੰ ਅਮਰੀਕਾ ‘ਚ ਨਵਿਆਇਆ ਜਾ ਸਕਦਾ ਸੀ। ਇਸ ਤੋਂ ਬਾਅਦ ਵਿਦੇਸ਼ੀ ਤਕਨੀਕੀ ਮੁਲਾਜ਼ਮਾਂ ਨੂੰ ਆਪਣੇ ਪਾਸਪੋਰਟ ‘ਤੇ ਐੱਚ-1ਬੀ ਐਕਸਟੈਂਸ਼ਨ ਦੀ ਮੋਹਰ ਲਗਾਉਣ ਲਈ ਦੇਸ਼ ਤੋਂ ਬਾਹਰ ਜਾਣਾ ਪੈਣ ਲੱਗਿਆ। ਇਨ੍ਹਾਂ ਵਿਚੋਂ ਜ਼ਿਆਦਾਤਰ ਕਾਮਿਆਂ ਨੂੰ ਆਪਣੇ ਦੇਸ਼ ਵਿਚ ਜਾ ਕੇ ਮੋਹਰ ਲਗਵਾਉਣੀ ਪੈਂਦੀ ਹੈ। ਜਦੋਂ ਇਹ ਪਾਇਲਟ ਪ੍ਰਾਜੈਕਟ ਮੁਕੰਮਲ ਤੌਰ ‘ਤੇ ਲਾਗੂ ਹੋ ਗਿਆ ਤਾਂ ਪੇਸ਼ੇਵਰ ਮੁਲਾਜ਼ਮ ਅਮਰੀਕਾ ਵਿਚ ਹੀ ਆਪਣੇ ਵੀਜ਼ਿਆਂ ਨੂੰ ਨਵਿਆਉਣ ਲਈ ਮੋਹਰ ਲਗਵਾ ਸਕਣਗੇ।
ਇੱਥੇ ਦੱਸਣਾ ਬਣਦਾ ਹੈ ਕਿ ਵੀਜ਼ਾ ਨਵਿਆਉਣ ਜਾਂ ਜਾਰੀ ਕਰਨ ਲਈ ਵਿਦੇਸ਼ੀ ਕਾਮਿਆਂ ਨੂੰ 800 ਦਿਨਾਂ ਜਾਂ ਦੋ ਸਾਲ ਤੋਂ ਵੱਧ ਸਮੇਂ ਦੀ ਉਡੀਕ ਕਰਨੀ ਪੈਂਦੀ ਹੈ, ਜੋ ਉਨ੍ਹਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦਾ ਹੈ। ਜ਼ਿਕਰਯੋਗ ਹੈ ਕਿ ਐੱਚ-1ਬੀ ਵੀਜ਼ਾ ਗੈਰ-ਪ੍ਰਵਾਸੀ ਵੀਜ਼ਾ ਹੈ, ਜੋ ਵਿਦੇਸ਼ੀ ਕਾਮਿਆਂ ਨੂੰ ਅਮਰੀਕਾ ਦੀਆਂ ਕੰਪਨੀਆਂ ਵਿਚ ਕੰਮ ਕਰਨ ਲਈ ਪ੍ਰਵਾਨਗੀ ਪ੍ਰਦਾਨ ਕਰਦਾ ਹੈ।