#AMERICA

ਅਮਰੀਕਾ ਵੱਲੋਂ ਹੈਤੀ ਨੂੰ ਖੁੱਲ੍ਹੀ ਚੇਤਾਵਨੀ; ਦੇਸ਼ ਨੂੰ ਹੋਰ ਅਸਥਿਰ ਕਰਨ ਦੀ ਕੋਸ਼ਿਸ਼ ‘ਤੇ ਹੋਵੇਗੀ ਸਖ਼ਤ ਕਾਰਵਾਈ

ਸੈਨ ਜੁਆਨ, 23 ਜਨਵਰੀ (ਪੰਜਾਬ ਮੇਲ)- ਹੈਤੀ ਵਿਚ ਲਗਾਤਾਰ ਵਧ ਰਹੀ ਹਿੰਸਾ ਅਤੇ ਸਿਆਸੀ ਅਸਥਿਰਤਾ ਦੇ ਵਿਚਕਾਰ ਅਮਰੀਕਾ ਨੇ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ। ਅਮਰੀਕਾ ਨੇ ਹੈਤੀ ਦੀ ਅੰਤਰਿਮ ਕੌਂਸਲ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉੱਥੋਂ ਦੇ ਸਿਆਸਤਦਾਨਾਂ ਨੇ ਦੇਸ਼ ਨੂੰ ਹੋਰ ਅਸਥਿਰ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਹੈਤੀ ਸਥਿਤ ਅਮਰੀਕੀ ਦੂਤਘਰ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਜਾਰੀ ਬਿਆਨ ਵਿਚ ਕਿਹਾ ਕਿ ਜੋ ਵੀ ਵਿਅਕਤੀ ਅਜਿਹੀ ਕਿਸੇ ਪਹਿਲ ਦਾ ਸਮਰਥਨ ਕਰਦਾ ਹੈ, ਜੋ ਗੈਂਗਾਂ ਨੂੰ ਫਾਇਦਾ ਪਹੁੰਚਾਉਂਦੀ ਹੈ, ਉਹ ਅਮਰੀਕਾ ਅਤੇ ਹੈਤੀ ਦੇ ਹਿੱਤਾਂ ਦੇ ਵਿਰੁੱਧ ਕੰਮ ਕਰ ਰਿਹਾ ਮੰਨਿਆ ਜਾਵੇਗਾ। ਅਮਰੀਕੀ ਵਿਦੇਸ਼ ਵਿਭਾਗ ਦੇ ਬਿਊਰੋ ਆਫ ਵੈਸਟਰਨ ਹੈਮੀਸਫੇਅਰ ਅਫੇਅਰਜ਼ ਨੇ ਹੈਤੀ ਦੀ ਸਥਿਤੀ ਲਈ ਉੱਥੋਂ ਦੇ ਭ੍ਰਿਸ਼ਟ ਸਿਆਸਤਦਾਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਬਿਊਰੋ ਨੇ ਦੋਸ਼ ਲਾਇਆ ਕਿ ਇਹ ਸਿਆਸਤਦਾਨ ਸੜਕਾਂ ‘ਤੇ ਹਫੜਾ-ਦਫੜੀ ਮਚਾਉਣ ਲਈ ਗੈਂਗਾਂ ਦੀ ਵਰਤੋਂ ਕਰਦੇ ਹਨ ਅਤੇ ਫਿਰ ਇਸੇ ਹਫੜਾ-ਦਫੜੀ ਨੂੰ ਰੋਕਣ ਦੇ ਬਹਾਨੇ ਸਰਕਾਰ ਵਿਚ ਅਹੁਦੇ ਹਾਸਲ ਕਰਦੇ ਹਨ। ਅਮਰੀਕਾ ਨੇ ਅਜਿਹੇ ਨੇਤਾਵਾਂ ਨੂੰ ‘ਦੇਸ਼ ਭਗਤ’ ਨਹੀਂ, ਬਲਕਿ ‘ਅਪਰਾਧੀ’ ਕਰਾਰ ਦਿੱਤਾ ਹੈ।
ਇਹ ਚੇਤਾਵਨੀ ਅਜਿਹੇ ਸਮੇਂ ਆਈ ਹੈ, ਜਦੋਂ ਕੌਂਸਲ ਦੇ ਕੁਝ ਮੈਂਬਰਾਂ ਅਤੇ ਪ੍ਰਧਾਨ ਮੰਤਰੀ ਐਲਿਕਸ ਡਿਡੀਅਰ ਫਿਲਸ-ਐਮੇ ਵਿਚਕਾਰ ਮਤਭੇਦ ਡੂੰਘੇ ਹੋ ਗਏ ਹਨ। ਕੌਂਸਲ ਦੇ ਮੁਖੀ ਲਾਰੈਂਟ ਸੇਂਟ-ਸਾਈਰ ਨੇ ਵੀ ਕਿਸੇ ਵੀ ਅਜਿਹੇ ਕਦਮ ਦਾ ਵਿਰੋਧ ਕੀਤਾ ਹੈ, ਜੋ 7 ਫਰਵਰੀ ਦੀ ਮਿਆਦ ਤੋਂ ਪਹਿਲਾਂ ਸਰਕਾਰੀ ਸਥਿਰਤਾ ਨੂੰ ਕਮਜ਼ੋਰ ਕਰਦਾ ਹੋਵੇ। ਜ਼ਿਕਰਯੋਗ ਹੈ ਕਿ 7 ਫਰਵਰੀ ਨੂੰ ਕੌਂਸਲ ਦਾ ਕਾਰਜਕਾਲ ਖਤਮ ਹੋਣ ਵਾਲਾ ਹੈ, ਪਰ ਚੋਣਾਂ ਨਾ ਹੋਣ ਕਾਰਨ ਸਥਿਤੀ ਅਸਪੱਸ਼ਟ ਬਣੀ ਹੋਈ ਹੈ।
ਸੰਯੁਕਤ ਰਾਸ਼ਟਰ ਦੀ ਇੱਕ ਤਾਜ਼ਾ ਰਿਪੋਰਟ ਅਨੁਸਾਰ, ਹੈਤੀ ਦੀ ਰਾਜਧਾਨੀ ਪੋਰਟ-ਓ-ਪ੍ਰਿੰਸ ਦੇ ਲਗਭਗ 90 ਫੀਸਦੀ ਹਿੱਸੇ ‘ਤੇ ਹਥਿਆਰਬੰਦ ਗੈਂਗਾਂ ਦਾ ਕਬਜ਼ਾ ਹੈ। ਪਿਛਲੇ ਸਾਲ ਜਨਵਰੀ ਤੋਂ ਨਵੰਬਰ ਦੇ ਵਿਚਕਾਰ ਦੇਸ਼ ਵਿਚ 8,100 ਤੋਂ ਵੱਧ ਹੱਤਿਆਵਾਂ ਦਰਜ ਕੀਤੀਆਂ ਗਈਆਂ ਹਨ। ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਵੀ ਇਸ ਗੰਭੀਰ ਸਥਿਤੀ ‘ਤੇ ਚਿੰਤਾ ਜਤਾਉਂਦਿਆਂ ਕਿਹਾ ਹੈ ਕਿ ਹੈਤੀ ਕੋਲ ਹੁਣ ਆਪਸੀ ਸਿਆਸੀ ਲੜਾਈਆਂ ਵਿਚ ਬਰਬਾਦ ਕਰਨ ਲਈ ਬਿਲਕੁਲ ਵੀ ਸਮਾਂ ਨਹੀਂ ਬਚਿਆ ਹੈ।