ਵਾਸ਼ਿੰਗਟਨ ਡੀ.ਸੀ., 12 ਫਰਵਰੀ (ਪੰਜਾਬ ਮੇਲ)- ਅਮਰੀਕੀ ਫੌਜ ਵੱਲੋਂ ਪਿਛਲੇ ਦਿਨਾਂ ਦੌਰਾਨ ਦੱਖਣੀ ਸਰਹੱਦਾਂ ‘ਤੇ ਆਧੁਨਿਕ ਜਾਸੂਸੀ ਜਹਾਜ਼ਾਂ ਦੀਆਂ ਉਡਾਣਾਂ ਵਧਾ ਦਿੱਤੀਆਂ ਗਈਆਂ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸਰਹੱਦ ‘ਤੇ ਫੌਜ ਅਤੇ ਸੁਰੱਖਿਆ ਦਸਤਿਆਂ ਦੀ ਗਿਣਤੀ ਪਹਿਲਾਂ ਹੀ ਵਧਾ ਦਿੱਤੀ ਗਈ ਸੀ, ਤਾਂਕਿ ਬਾਰਡਰ ‘ਤੇ ਸਖਤ ਨਿਗਾਹ ਰੱਖੀ ਜਾ ਸਕੇ, ਕਿਸੇ ਵੀ ਅਣਅਧਿਕਾਰਤ ਘੁਸਪੈਠ ਨੂੰ ਰੋਕਿਆ ਜਾ ਸਕੇ ਅਤੇ ਇਥੋਂ ਹੁੰਦੀ ਨਸ਼ਿਆਂ ਦੀ ਸਮਗਲਿੰਗ ਨੂੰ ਵੀ ਠੱਲ੍ਹ ਪੈ ਸਕੇ। ਇਨ੍ਹਾਂ ਉਡਾਣਾਂ ਨੂੰ ਅਤਿ ਆਧੁਨਿਕ ਰਾਡਾਰ ਸਿਸਟਮ ਨਾਲ ਜੋੜਿਆ ਗਿਆ ਹੈ, ਤਾਂਕਿ ਉਤੋਂ ਭੇਜੇ ਗਏ ਚਿੱਤਰ ਅਤੇ ਸੰਕੇਤਾਂ ਦੀ ਖੂਫੀਆ ਜਾਣਕਾਰੀ ਇਕੱਠੀ ਕੀਤੀ ਜਾਵੇ। ਇਹ ਉਹ ਉਡਾਣਾਂ ਹਨ, ਜੋ ਅਮਰੀਕਾ ਵੱਲੋਂ ਆਮ ਤੌਰ ‘ਤੇ ਕਿਸੇ ਦੇਸ਼ ਨਾਲ ਯੁੱਧ ਦੌਰਾਨ ਵਰਤੀਆਂ ਜਾਂਦੀਆਂ ਹਨ।
ਇਸ ਬਾਰਡਰ ‘ਤੇ ਅਮਰੀਕਾ ਵਾਲੇ ਪਾਸਿਓਂ ਤਿੰਨ ਸਟੇਟਾਂ ਲੱਗਦੀਆਂ ਹਨ, ਜਿਨ੍ਹਾਂ ਵਿਚ ਕੈਲੀਫੋਰਨੀਆ, ਫੀਨਿਕਸ ਅਤੇ ਟੈਕਸਾਸ ਸ਼ਾਮਲ ਹਨ। ਇਹ ਜਹਾਜ਼ ਮੈਕਸੀਕੋ ਦੇ ਅੰਦਰ ਤੱਕ ਡੂੰਘਾਈ ਨਾਲ ਖੂਫੀਆ ਜਾਣਕਾਰੀ ਇਕੱਠੀ ਕਰਨ ਦੇ ਸਮਰੱਥ ਹਨ।
ਟਰੰਪ ਨੇ ਮੈਕਸੀਕੋ ਦੇ ਫੈਂਟਾਨਿਲ ਲੈਬਾਂ ‘ਤੇ ਬੰਬ ਸੁੱਟਣ ਅਤੇ ਕਾਰਟੇਲ ਨੇਤਾਵਾਂ ਨੂੰ ਬਾਹਰ ਕੱਢਣ ਲਈ ਵਿਸ਼ੇਸ਼ ਬੱਲ ਭੇਜਣ ਦੀ ਧਮਕੀ ਦਿੱਤੀ ਹੈ।
ਰਾਸ਼ਟਰਪਤੀ ਟਰੰਪ ਨੇ ਸਰਹੱਦ ‘ਤੇ ਹਜ਼ਾਰਾਂ ਵਾਧੂ ਸਰਗਰਮ ਡਿਊਟੀ ਸੈਨਿਕਾਂ ਨੂੰ ਆਦੇਸ਼ ਦਿੱਤੇ ਹਨ ਕਿ ਬਾਰਡਰ ਤੋਂ ਆਉਣ ਵਾਲੇ ਕਿਸੇ ਵੀ ਗੈਰ ਕਾਨੂੰਨੀ ਪ੍ਰਵਾਸੀ ਨੂੰ ਰੋਕਿਆ ਜਾਵੇ। ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਬਾਰਡਰ ‘ਤੇ ਐਮਰਜੈਂਸੀ ਦਾ ਐਲਾਨ ਕੀਤਾ ਹੋਇਆ ਹੈ।
ਅਮਰੀਕਾ ਵੱਲੋਂ ਸਰਹੱਦ ‘ਤੇ ਜਾਸੂਸੀ ਜਹਾਜ਼ਾਂ ਦੀਆਂ ਉਡਾਣਾਂ ਵਧਾਈਆਂ ਗਈਆਂ
