#AMERICA

ਅਮਰੀਕਾ ਵੱਲੋਂ ਵੈਨੇਜ਼ੁਏਲਾ ‘ਚ ਆਪਣੇ ਨਾਗਰਿਕਾਂ ਲਈ ‘ਸਭ ਤੋਂ ਖ਼ਤਰਨਾਕ’ ਐਡਵਾਈਜ਼ਰੀ ਜਾਰੀ

ਵਾਸ਼ਿੰਗਟਨ, 12 ਜਨਵਰੀ (ਪੰਜਾਬ ਮੇਲ)-ਅਮਰੀਕਾ ਨੇ ਵੈਨੇਜ਼ੁਏਲਾ ‘ਚ ਮੌਜੂਦ ਆਪਣੇ ਨਾਗਰਿਕਾਂ ਨੂੰ ਲੈ ਕੇ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਅਮਰੀਕੀ ਵਿਦੇਸ਼ ਮੰਤਰਾਲਾ ਦੇ ਬਿਊਰੋ ਆਫ ਕਾਂਸੁਲਰ ਅਫੇਅਰਜ਼ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਉਡਾਣਾਂ ਮੁੜ ਸ਼ੁਰੂ ਹੋਣ ਤੋਂ ਬਾਅਦ ਵੀ ਵੈਨੇਜ਼ੁਏਲਾ ‘ਚ ਹਾਲਾਤ ਬੇਹੱਦ ਅਸਥਿਰ ਅਤੇ ਖ਼ਤਰਨਾਕ ਬਣੇ ਹੋਏ ਹਨ, ਇਸ ਲਈ ਉਥੇ ਮੌਜੂਦ ਸਾਰੇ ਅਮਰੀਕੀ ਨਾਗਰਿਕ ਤੁਰੰਤ ਦੇਸ਼ ਛੱਡ ਦੇਣ।
ਅਮਰੀਕੀ ਵਿਦੇਸ਼ ਮੰਤਰਾਲਾ ਨੇ ਸਾਫ਼ ਸ਼ਬਦਾਂ ‘ਚ ਕਿਹਾ ਹੈ ਕਿ ਵੈਨੇਜ਼ੁਏਲਾ ਨੂੰ ਸਭ ਤੋਂ ਖ਼ਤਰਨਾਕ ‘ਲੈਵਲ-4: ਡੂ ਨਾਟ ਟ੍ਰੈਵਲ’ ਸ਼੍ਰੇਣੀ ‘ਚ ਰੱਖਿਆ ਗਿਆ ਹੈ। ਮੰਤਰਾਲਾ ਮੁਤਾਬਕ ਇੱਥੇ ਅਮਰੀਕੀ ਨਾਗਰਿਕਾਂ ਨੂੰ ਗ਼ਲਤ ਤਰੀਕੇ ਨਾਲ ਹਿਰਾਸਤ ‘ਚ ਲਏ ਜਾਣ, ਹਿਰਾਸਤ ਦੌਰਾਨ ਤਸ਼ੱਦਦ, ਅੱਤਵਾਦੀ ਗਤੀਵਿਧੀਆਂ, ਅਗਵਾ, ਸਥਾਨਕ ਕਾਨੂੰਨਾਂ ਦੀ ਮਨਮਾਨੀ ਵਰਤੋਂ, ਵਧਦੇ ਅਪਰਾਧ ਅਤੇ ਨਾਗਰਿਕ ਅਸ਼ਾਂਤੀ ਵਰਗੇ ਗੰਭੀਰ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਚਿਤਾਵਨੀ ‘ਚ ਇਹ ਵੀ ਕਿਹਾ ਗਿਆ ਹੈ ਕਿ ਦੇਸ਼ ਦੀ ਸਿਹਤ ਪ੍ਰਣਾਲੀ ਬੇਹੱਦ ਕਮਜ਼ੋਰ ਹੈ, ਜਿਸ ਨਾਲ ਕਿਸੇ ਹੰਗਾਮੀ ਸਥਿਤੀ ‘ਚ ਇਲਾਜ ਮਿਲਣਾ ਵੀ ਮੁਸ਼ਕਿਲ ਹੋ ਸਕਦਾ ਹੈ।
ਅਮਰੀਕੀ ਵਿਦੇਸ਼ ਮੰਤਰਾਲਾ ਮੁਤਾਬਕ ਵੈਨੇਜ਼ੁਏਲਾ ਦੀ ਸੁਰੱਖਿਆ ਸਥਿਤੀ ਲਗਾਤਾਰ ਬਦਲ ਰਹੀ ਹੈ। ਕਈ ਇਲਾਕਿਆਂ ‘ਚ ਹਥਿਆਰਬੰਦ ਮਿਲੀਸ਼ੀਆ ਗਿਰੋਹ, ਜਿਨ੍ਹਾਂ ਨੂੰ ਸਥਾਨਕ ਤੌਰ ‘ਤੇ ‘ਕੋਲੈਕਟਿਵੋਸ’ ਕਿਹਾ ਜਾਂਦਾ ਹੈ, ਸੜਕਾਂ ‘ਤੇ ਨਾਕਾਬੰਦੀ ਕਰ ਰਹੇ ਹਨ ਅਤੇ ਵਾਹਨਾਂ ਦੀ ਤਲਾਸ਼ੀ ਲੈ ਰਹੇ ਹਨ। ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਇਹ ਗਿਰੋਹ ਅਮਰੀਕੀ ਨਾਗਰਿਕਤਾ ਜਾਂ ਅਮਰੀਕੀ ਸਮਰਥਕ ਹੋਣ ਦੇ ਸਬੂਤ ਲੱਭ ਰਹੇ ਹਨ।
ਅਮਰੀਕੀ ਨਾਗਰਿਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸੜਕ ਮਾਰਗ ਰਾਹੀਂ ਯਾਤਰਾ ਕਰਦੇ ਸਮੇਂ ਬਹੁਤ ਜ਼ਿਆਦਾ ਸਾਵਧਾਨੀ ਵਰਤਣ। ਨਾਲ ਹੀ ਏਅਰਲਾਈਨਜ਼ ਦੀ ਵੈੱਬਸਾਈਟ ਅਤੇ ਸੂਚਨਾਵਾਂ ‘ਤੇ ਲਗਾਤਾਰ ਨਜ਼ਰ ਰੱਖਣ। ਇਹ ਚਿਤਾਵਨੀ ਅਜਿਹੇ ਸਮੇਂ ਆਈ ਹੈ, ਜਦੋਂ 3 ਜਨਵਰੀ ਨੂੰ ਤੜਕੇ ਅਮਰੀਕਾ ਨੇ ਵੈਨੇਜ਼ੁਏਲਾ ‘ਚ ਵੱਡੇ ਪੱਧਰ ‘ਤੇ ਫੌਜੀ ਕਾਰਵਾਈ ਕਰਦੇ ਹੋਏ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਹਿਰਾਸਤ ‘ਚ ਲੈ ਲਿਆ ਸੀ। ਇਸ ਕਾਰਵਾਈ ਤੋਂ ਬਾਅਦ ਦੁਨੀਆਂ ਭਰ ‘ਚ ਇਸ ਦੀ ਸਖ਼ਤ ਨਿੰਦਾ ਹੋਈ ਅਤੇ ਹਾਲਾਤ ਹੋਰ ਜ਼ਿਆਦਾ ਵਿਗੜ ਗਏ।
ਅਮਰੀਕੀ ਵਿਦੇਸ਼ ਮੰਤਰਾਲਾ ਨੇ ਸਪੱਸ਼ਟ ਕੀਤਾ ਹੈ ਕਿ ਵੈਨੇਜ਼ੁਏਲਾ ‘ਚ ਅਮਰੀਕੀ ਦੂਤਾਵਾਸ ਦੀਆਂ ਐਮਰਜੈਂਸੀ ਅਤੇ ਰੈਗੂਲਰ ਸੇਵਾਵਾਂ ਬੰਦ ਹਨ। ਅਜਿਹੇ ‘ਚ ਕਿਸੇ ਵੀ ਸੰਕਟ ਦੀ ਸਥਿਤੀ ‘ਚ ਅਮਰੀਕਾ ਆਪਣੇ ਨਾਗਰਿਕਾਂ ਨੂੰ ਤੁਰੰਤ ਸਹਾਇਤਾ ਦੇਣ ‘ਚ ਅਸਮਰੱਥ ਰਹੇਗਾ। ਕੁੱਲ ਮਿਲਾ ਕੇ ਅਮਰੀਕਾ ਨੇ ਸਾਫ਼ ਸੰਦੇਸ਼ ਦਿੱਤਾ ਹੈ ਕਿ ਵੈਨੇਜ਼ੁਏਲਾ ਇਸ ਸਮੇਂ ਅਮਰੀਕੀ ਨਾਗਰਿਕਾਂ ਲਈ ਬੇਹੱਦ ਅਸੁਰੱਖਿਅਤ ਹੈ। ਸਰਕਾਰ ਨੇ ਦੋ-ਟੁੱਕ ਕਿਹਾ ਹੈ ਕਿ ਜੋ ਵੀ ਅਮਰੀਕੀ ਨਾਗਰਿਕ ਉਥੇ ਮੌਜੂਦ ਹਨ, ਉਹ ਜਾਨ ਜੋਖ਼ਮ ‘ਚ ਪਾਏ ਬਿਨਾਂ ਤੁਰੰਤ ਦੇਸ਼ ਛੱਡਣ।