#AMERICA

ਅਮਰੀਕਾ ਵੱਲੋਂ ਵੀਜ਼ਾ, ਗ੍ਰੀਨ ਕਾਰਡ ਤੇ ਨਾਗਰਿਕਤਾ ਜਾਂਚ ‘ਚ ਹੋਰ ਸਖ਼ਤੀ

ਵਾਸ਼ਿੰਗਟਨ ਡੀ.ਸੀ., 22 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਦੇ ਯੂ.ਐੱਸ. ਡਿਪਾਰਟਮੈਂਟ ਆਫ ਸਟੇਟ (DOS) ਅਤੇ ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (USCIS) ਨੇ ਵੀਜ਼ਾ, ਗ੍ਰੀਨ ਕਾਰਡ, ਨਾਗਰਿਕਤਾ ਅਤੇ ਹੋਰ ਇਮੀਗ੍ਰੇਸ਼ਨ ਕੇਸਾਂ ਦੀ ਸਕ੍ਰੀਨਿੰਗ ਹੋਰ ਵਧਾ ਦਿੱਤੀ ਹੈ। ਹੁਣ ਵਿਦੇਸ਼ਾਂ ਤੋਂ ਵੀਜ਼ਾ ਲੈਣ ਵਾਲਿਆਂ ਅਤੇ ਅਮਰੀਕਾ ਅੰਦਰ ਲਾਭ ਮੰਗਣ ਵਾਲਿਆਂ ਦੀ ਜਾਂਚ ਹੋਰ ਡੂੰਘੀ ਹੋਵੇਗੀ।
30 ਮਾਰਚ 2026 ਤੋਂ ਕਈ ਵੀਜ਼ਾ ਕੈਟਾਗਰੀਆਂ ਜਿਵੇਂ ਐੱਚ-1ਬੀ, ਐੱਚ-4, ਐੱਫ-1, ਜੇ-1 ਅਤੇ ਕੇ-1 ਵੀਜ਼ਾ ਆਦਿ ਲਈ ਅਰਜ਼ੀਕਰਤਾ ਦੇ ਸੋਸ਼ਲ ਮੀਡੀਆ ਅਕਾਊਂਟਸ ਅਤੇ ਔਨਲਾਈਨ ਐਕਟੀਵਿਟੀ ਵੀ ਚੈੱਕ ਕੀਤੀ ਜਾ ਸਕਦੀ ਹੈ। ਪਿਛਲੇ ਪੰਜ ਸਾਲਾਂ ਦੇ ਸੋਸ਼ਲ ਮੀਡੀਆ ਹੈਂਡਲਜ਼ ਵੀ ਮੰਗੇ ਜਾ ਸਕਦੇ ਹਨ।
USCIS ਵੱਲੋਂ ਗਰੀਨ ਕਾਰਡ, ਅਸਾਇਲਮ, ਸਿਟੀਜ਼ਨਸ਼ਿਪ ਅਤੇ ਵਰਕ ਪਰਮਿਟ ਅਰਜ਼ੀਆਂ ਦੀ ਵੀ ਵਧੀਕ ਜਾਂਚ ਕੀਤੀ ਜਾਵੇਗੀ। ਕੁਝ ਫਾਈਲਜ਼ ਹੋਲਡ ‘ਤੇ ਰੱਖੀਆਂ ਜਾ ਸਕਦੀਆਂ ਹਨ, ਹੋਰ ਸਬੂਤ ਮੰਗੇ ਜਾ ਸਕਦੇ ਹਨ ਜਾਂ ਪ੍ਰੋਸੈਸਿੰਗ ਸਮਾਂ ਲੰਮਾ ਹੋ ਸਕਦਾ ਹੈ।
39 ਹਾਈ-ਰਿਸਕ ਦੇਸ਼ਾਂ ਨਾਲ ਜੁੜੀਆਂ ਕੁਝ ਅਰਜ਼ੀਆਂ ਨੂੰ ਖਾਸ ਰੀਵਿਊ ਹੇਠ ਰੱਖਿਆ ਗਿਆ ਹੈ। Employment Authorization Documents (EAD) ਦੀ ਮਿਆਦ ਵੀ ਕੁਝ ਕੇਸਾਂ ਵਿਚ ਘਟਾਈ ਜਾ ਸਕਦੀ ਹੈ।
ਮਾਹਿਰਾਂ ਅਨੁਸਾਰ ਫਾਰਮ ਵਿਚ ਸਹੀ ਜਾਣਕਾਰੀ ਦੇਣਾ, ਪੁਰਾਣੇ ਰਿਕਾਰਡਜ਼ ਸਹੀ ਰੱਖਣਾ ਅਤੇ ਸੋਸ਼ਲ ਮੀਡੀਆ ‘ਤੇ ਗਲਤ ਜਾਣਕਾਰੀ ਤੋਂ ਬਚਣਾ ਹੁਣ ਬਹੁਤ ਜ਼ਰੂਰੀ ਹੈ।
ਸਾਧਾਰਨ ਸ਼ਬਦਾਂ ਵਿਚ, ਅਮਰੀਕਾ ਦੀ ਇਮੀਗ੍ਰੇਸ਼ਨ ਪ੍ਰੋਸੈਸਿਸ ਹੁਣ ਪਹਿਲਾਂ ਨਾਲੋਂ ਕਾਫ਼ੀ ਸਖ਼ਤ, ਡਿਜ਼ੀਟਲ ਅਤੇ ਸਕਿਓਰਿਟੀ-ਆਧਾਰਿਤ ਹੋ ਗਈ ਹੈ।