#AMERICA

ਟਰੰਪ ਵੱਲੋਂ ਸੀਜ਼ਫਾਇਰ ਦੀ ਮਿਆਦ ‘ਚ ਵਾਧਾ!

– ਨਾਕਾਬੰਦੀ ਰਹੇਗੀ ਜਾਰੀ
ਵਾਸ਼ਿੰਗਟਨ ਡੀ.ਸੀ., 22 ਅਪ੍ਰੈਲ (ਪੰਜਾਬ ਮੇਲ)- ਪੱਛਮੀ ਏਸ਼ੀਆ ਵਿਚ ਜਾਰੀ ਤਣਾਅ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵੱਡਾ ਐਲਾਨ ਕਰਦਿਆਂ ਅਮਰੀਕਾ ਅਤੇ ਈਰਾਨ ਵਿਚਾਲੇ ਜਾਰੀ ਜੰਗਬੰਦੀ (ਸੀਜ਼ਫਾਇਰ) ਦੀ ਮਿਆਦ ਨੂੰ ਵਧਾ ਦਿੱਤਾ ਹੈ। ਟਰੰਪ ਨੇ ਮੰਗਲਵਾਰ ਨੂੰ ਸਪੱਸ਼ਟ ਕੀਤਾ ਕਿ ਇਹ ਸੀਜ਼ਫਾਇਰ ਉਦੋਂ ਤੱਕ ਪ੍ਰਭਾਵੀ ਰਹੇਗਾ, ਜਦੋਂ ਤੱਕ ਈਰਾਨ ਆਪਣਾ ਰਸਮੀ ਪ੍ਰਸਤਾਵ ਪੇਸ਼ ਨਹੀਂ ਕਰ ਦਿੰਦਾ ਅਤੇ ਦੋਵਾਂ ਦੇਸ਼ਾਂ ਵਿਚਾਲੇ ਚਰਚਾ ਕਿਸੇ ਸਿਰੇ ਨਹੀਂ ਲੱਗ ਜਾਂਦੀ।
ਭਾਵੇਂ ਰਾਸ਼ਟਰਪਤੀ ਟਰੰਪ ਨੇ ਹਮਲੇ ਨੂੰ ਟਾਲ ਦਿੱਤਾ ਹੈ, ਪਰ ਉਨ੍ਹਾਂ ਨੇ ਈਰਾਨ ‘ਤੇ ਫੌਜੀ ਦਬਾਅ ਘੱਟ ਨਹੀਂ ਕੀਤਾ। ਉਨ੍ਹਾਂ ਨੇ ਅਮਰੀਕੀ ਫੌਜ ਨੂੰ ਸਪੱਸ਼ਟ ਹੁਕਮ ਦਿੱਤੇ ਹਨ ਕਿ ਈਰਾਨੀ ਬੰਦਰਗਾਹਾਂ ਦੀ ਨਾਕਾਬੰਦੀ (ਬਲਾਕੇਡ) ਨਿਰੰਤਰ ਜਾਰੀ ਰੱਖੀ ਜਾਵੇ। ਟਰੰਪ ਅਨੁਸਾਰ, ਅਮਰੀਕੀ ਸੈਨਾ ਬਾਕੀ ਸਾਰੇ ਮੋਰਚਿਆਂ ‘ਤੇ ਵੀ ਪੂਰੀ ਤਰ੍ਹਾਂ ਤਿਆਰ ਅਤੇ ਸਮਰੱਥ ਹੈ।
ਆਪਣੇ ਅਧਿਕਾਰਤ ਬਿਆਨ ਵਿਚ ਟਰੰਪ ਨੇ ਖੁਲਾਸਾ ਕੀਤਾ ਕਿ ਇਹ ਫੈਸਲਾ ਪਾਕਿਸਤਾਨ ਦੀ ਲੀਡਰਸ਼ਿਪ ਦੀ ਬੇਨਤੀ ‘ਤੇ ਲਿਆ ਗਿਆ ਹੈ। ਪਾਕਿਸਤਾਨ ਦੇ ਫੀਲਡ ਮਾਰਸ਼ਲ ਆਸਿਮ ਮੁਨੀਰ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਅਮਰੀਕਾ ਨੂੰ ਅਪੀਲ ਕੀਤੀ ਸੀ ਕਿ ਕੂਟਨੀਤਕ ਰਸਤਿਆਂ ਨੂੰ ਇੱਕ ਹੋਰ ਮੌਕਾ ਦਿੱਤਾ ਜਾਵੇ, ਤਾਂ ਜੋ ਈਰਾਨੀ ਆਗੂ ਇੱਕ ਸਾਂਝਾ ਪ੍ਰਸਤਾਵ ਤਿਆਰ ਕਰ ਸਕਣ। ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਮੌਜੂਦਾ ਸਮੇਂ ਵਿਚ ਈਰਾਨੀ ਸਰਕਾਰ ਅੰਦਰੂਨੀ ਤੌਰ ‘ਤੇ ਕਾਫੀ ਬਿਖਰੀ ਹੋਈ ਹੈ।
ਦੂਜੇ ਪਾਸੇ, ਈਰਾਨ ਨੇ ਅਮਰੀਕਾ ਦੇ ਇਸ ਕਦਮ ਨੂੰ ਨਕਾਰ ਦਿੱਤਾ ਹੈ। ਈਰਾਨੀ ਸੰਸਦ ਦੇ ਸਪੀਕਰ ਦੇ ਸਲਾਹਕਾਰ ਨੇ ਕਿਹਾ ਕਿ ਹਾਰਨ ਵਾਲਾ ਪੱਖ ਸ਼ਰਤਾਂ ਨਹੀਂ ਥੋਪ ਸਕਦਾ। ਉਨ੍ਹਾਂ ਨੇ ਸੀਜ਼ਫਾਇਰ ਵਧਾਉਣ ਨੂੰ ਅਚਾਨਕ ਹਮਲੇ ਲਈ ਸਮਾਂ ਲੈਣ ਦੀ ਇੱਕ ਰਣਨੀਤੀ ਕਰਾਰ ਦਿੱਤਾ। ਈਰਾਨ ਨੇ ਬੰਦਰਗਾਹਾਂ ਦੀ ਨਾਕਾਬੰਦੀ ਨੂੰ ‘ਬੰਬਾਰੀ’ ਦੇ ਬਰਾਬਰ ਦੱਸਦਿਆਂ ਇਸ ਦਾ ਫੌਜੀ ਜਵਾਬ ਦੇਣ ਦੀ ਚਿਤਾਵਨੀ ਵੀ ਦਿੱਤੀ ਹੈ।