#AMERICA

ਅਮਰੀਕਾ ਵੱਲੋਂ ਰੂਸ ਖ਼ਿਲਾਫ਼ ਨਵੀਆਂ ਪਾਬੰਦੀਆਂ

ਵਾਸ਼ਿੰਗਟਨ, 25 ਫਰਵਰੀ (ਪੰਜਾਬ ਮੇਲ)- ਰੂਸ ਵੱਲੋਂ ਯੂਕਰੇਨ ਖ਼ਿਲਾਫ਼ ਛੇੜੀ ਜੰਗ ਦਾ ਇਕ ਸਾਲ ਪੂਰਾ ਹੋਣ ’ਤੇ ਅਮਰੀਕਾ ਨੇ ਰੂਸੀ ਕੰਪਨੀਆਂ, ਬੈਂਕਾਂ ਅਤੇ ਕਾਰੋਬਾਰੀਆਂ ਖ਼ਿਲਾਫ਼ ਨਵੀਆਂ ਪਾਬੰਦੀਆਂ ਦਾ ਅੱਜ ਐਲਾਨ ਕੀਤਾ ਹੈ। ਅਮਰੀਕਾ ਨੇ ਰੂਸ ਦੇ ਧਾਤ ਅਤੇ ਖੁਦਾਈ ਸੈਕਟਰ ਨੂੰ ਉਚੇਚੇ ਤੌਰ ’ਤੇ ਨਿਸ਼ਾਨਾ ਬਣਾਇਆ ਹੈ। ਅਮਰੀਕਾ ਨੇ ਇਹ ਕਾਰਵਾਈ ਜੀ-7 ਮੁਲਕਾਂ ਨਾਲ ਮਿਲ ਕੇ ਕੀਤੀ ਹੈ। ਕਰੀਬ 250 ਵਿਅਕਤੀਆਂ, ਕੰਪਨੀਆਂ, ਬੈਂਕ, ਹਥਿਆਰ ਡੀਲਰ ਅਤੇ ਤਕਨਾਲੋਜੀ ਕੰਪਨੀਆਂ ’ਤੇ ਪਾਬੰਦੀ ਲਗਾਈ ਗਈ ਹੈ। ਖ਼ਜ਼ਾਨਾ ਮੰਤਰੀ ਜੇਨਟ ਯੈਲੇਨ ਨੇ ਲਿਖਤੀ ਬਿਆਨ ’ਚ ਇਹ ਜਾਣਕਾਰੀ ਦਿੱਤੀ ਹੈ। ਉਹ ਭਾਰਤ ਦੇ ਬੰਗਲੂਰੂ ’ਚ ਹੋ ਰਹੀ ਜੀ-20 ਮੁਲਕਾਂ ਦੇ ਵਿੱਤ ਮੰਤਰੀਆਂ ਦੀ ਮੀਟਿੰਗ ’ਚ ਹਿੱਸਾ ਲੈ ਰਹੇ ਹਨ। ਉਨ੍ਹਾਂ ਕਿਹਾ,‘‘ਜੀ-7 ਭਾਈਵਾਲਾਂ ਨਾਲ ਮਿਲ ਕੇ ਸਾਡੀ ਕਾਰਵਾਈ ਤੋਂ ਪਤਾ ਚਲਦਾ ਹੈ ਕਿ ਅਸੀਂ ਯੂਕਰੇਨ ਨਾਲ ਖੜ੍ਹੇ ਹਾਂ।’’ ਉਨ੍ਹਾਂ ਕਿਹਾ ਕਿ ਯੂਕਰੇਨ ’ਚ ਲੋਕਾਂ ਦੇ ਕਤਲੇਆਮ ਲਈ ਰੂਸ ਜਵਾਬਦੇਹ ਹੈ ਅਤੇ ਉਸ ਨੇ ਆਲਮੀ ਪੱਧਰ ’ਤੇ ਵੱਡਾ ਨੁਕਸਾਨ ਪਹੁੰਚਾਇਆ ਹੈ। ਇਹ ਪਾਬੰਦੀਆਂ ਉਸ ਸਮੇਂ ਲਾਈਆਂ ਗਈਆਂ ਹਨ ਜਦੋਂ ਵ੍ਹਾਈਟ ਹਾਊਸ ਨੇ ਐਲਾਨ ਕੀਤਾ ਕਿ ਪੈਂਟਾਗਨ ਰੂਸ ਖ਼ਿਲਾਫ਼ ਜੰਗ ’ਚ 2 ਅਰਬ ਡਾਲਰ ਦਾ ਗੋਲੀ ਸਿੱਕਾ, ਡਰੋਨ ਆਦਿ ਹਥਿਆਰ ਯੂਕਰੇਨ ਨੂੰ ਮੁਹੱਈਆ ਕਰਵਾਏਗਾ। ਜਿਨ੍ਹਾਂ ’ਤੇ ਪਾਬੰਦੀ ਲਗਾਈ ਗਈ ਹੈ, ਉਨ੍ਹਾਂ ਵਿਚ ਸਵਿਸ-ਇਤਾਲਵੀ ਕਾਰੋਬਾਰੀ ਵਾਲਟਰ ਮੋਰੇਟੀ, ਰੂਸੀ-ਤੁਰਕਿਸ਼ ਹਥਿਆਰ ਡੀਲਰ ਨਰਮੁਰਾਦ ਕੁਰਬਾਨੋਵ ਅਤੇ ਰੂਸ ਦੇ ਸਾਬਕਾ ਪ੍ਰਧਾਨ ਮੰਤਰੀ ਮਿਖਾਈਲ ਮਿਸ਼ੂਸਤਿਨ ਦਾ ਰਿਸ਼ੇਤਦਾਰ ਕਾਰੋਬਾਰੀ ਅਲੈਕਜ਼ੈਂਡਰ ਯੇਵਗੋਨੇਵਿਚ ਉਦੋਦੋਵ ਸ਼ਾਮਲ ਹਨ।

Leave a comment