ਨਵੀਂ ਦਿੱਲੀ, 27 ਅਪ੍ਰੈਲ (ਪੰਜਾਬ ਮੇਲ)- ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ‘ਡਾਰਕ ਵੈੱਬ’ ਦੀ ਮਦਦ ਨਾਲ ਚੱਲ ਰਹੇ ਕੌਮਾਂਤਰੀ ਨਸ਼ਾ ਤਸਕਰੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਅੱਜ ਉੱਤਰਾਖੰਡ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ‘ਡਾਰਕ ਵੈੱਬ’ ਇੰਟਰਨੈੱਟ ਦਾ ਉਹ ਹਿੱਸਾ ਹੈ, ਜੋ ਆਮ ਸਰਚ ਇੰਜਣਾਂ ਲਈ ਪਹੁੰਚਯੋਗ ਨਹੀਂ ਹੈ ਅਤੇ ਸਿਰਫ਼ ਵਿਸ਼ੇਸ਼ ‘ਵੈੱਬ ਬ੍ਰਾਊਜ਼ਰਾਂ’ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ। ਅਮਰੀਕਾ ਦੇ ਨਸ਼ੀਲੇ ਪਦਾਰਥ ਵਿਰੋਧੀ ਅਧਿਕਾਰੀਆਂ ਵੱਲੋਂ ਇਸ ਗਰੋਹ ਦਾ ਪਰਦਾਫਾਸ਼ ਕਰਨ ਲਈ ਭਾਰਤ ਦੀ ਮਦਦ ਮੰਗੇ ਜਾਣ ਤੋਂ ਬਾਅਦ ਈ.ਡੀ. ਨੇ ਇਹ ਕਾਰਵਾਈ ਕੀਤੀ ਹੈ। ਈ.ਡੀ. ਨੇ ਪਰਵਿੰਦਰ ਸਿੰਘ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਹਲਦਵਾਨੀ ਸ਼ਹਿਰ ਤੋਂ ਹਿਰਾਸਤ ਵਿਚ ਲਿਆ। ਏਜੰਸੀ ਨੇ ਸ਼ੁੱਕਰਵਾਰ ਨੂੰ ਮੁਲਜ਼ਮ ਦੇ ਟਿਕਾਣੇ ‘ਤੇ ਛਾਪਾ ਮਾਰਿਆ ਸੀ ਅਤੇ ਥੋੜ੍ਹੀ ਜਿਹੀ ਪੁੱਛ ਪੜਤਾਲ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ। ਸੂਤਰਾਂ ਨੇ ਕਿਹਾ ਕਿ ਇਹ ਦੋਸ਼ ਹੈ ਕਿ ਮੁਲਜ਼ਮ ‘ਦਿ ਸਿੰਘ ਆਰਗੇਨਾਈਜੇਸ਼ਨ’ ਨਾਮਕ ਕੌਮਾਂਤਰੀ ਨਸ਼ਾ ਤਸਕਰੀ ਗਰੋਹ ਚਲਾਉਂਦਾ ਹੈ ਅਤੇ ਡਾਰਕ ਵੈੱਬ ਲਿੰਕਾਂ ਦੀ ਵਰਤੋਂ ਕਰਕੇ ਨਸ਼ੇ ਵੇਚਦਾ ਹੈ। ਨਸ਼ਿਆਂ ਦੀ ਵਿਕਰੀ ਤੋਂ ਪ੍ਰਾਪਤ ਪੈਸਾ ‘ਕ੍ਰਿਪਟੋ ਕਰੰਸੀ’ ਰਾਹੀਂ ਇਕੱਠਾ ਕੀਤਾ ਗਿਆ ਸੀ।