ਚੰਡੀਗੜ੍ਹ, 6 ਫਰਵਰੀ (ਪੰਜਾਬ ਮੇਲ)- ਮੁੱਖ ਮੰਤਰੀ ਭਗਵੰਤ ਮਾਨ ਨੇ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਦੇ ਮਾਮਲੇ ’ਤੇ ਟਿੱਪਣੀ ਕਰਦਿਆਂ ਅਮਰੀਕਾ ਵੱਲੋਂ ਦਿਖਾਏ ਵਿਵਹਾਰ ’ਤੇ ਅਫਸੋਸ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਹਥਕੜੀਆਂ ਅਤੇ ਬੇੜੀਆਂ ਲਾ ਕੇ ਭਾਰਤੀ ਨਾਗਰਿਕਾਂ ਨੂੰ ਵਾਪਸ ਭੇਜਣਾ ਸਮੁੱਚੇ ਦੇਸ਼ ਲਈ ਬਹੁਤ ਹੀ ਸ਼ਰਮ ਵਾਲੀ ਗੱਲ ਹੈ।
ਉਨ੍ਹਾਂ ਕਿਹਾ ਕਿ ਮਾਨਸਿਕ ਅਤੇ ਆਰਥਿਕ ਤੌਰ ’ਤੇ ਟੁੱਟੇ ਹੋਏ ਇਨ੍ਹਾਂ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਦੇ ਜ਼ਖ਼ਮਾਂ ’ਤੇ ਮੱਲ੍ਹਮ ਲਾਉਣ ਦੀ ਥਾਂ ਉਨ੍ਹਾਂ ਨੂੰ ‘ਮੋਦੀ ਜੀ ਦੀ ਹਰਿਆਣਾ ਸਰਕਾਰ’ ਵੱਲੋਂ ਪੁਲੀਸ ਦੀਆਂ ਕੈਦੀਆਂ ਵਾਲੀਆਂ ਗੱਡੀਆਂ ’ਚ ਲੈ ਕੇ ਜਾਣਾ, ਜ਼ਖਮਾਂ ’ਤੇ ਲੂਣ ਲਾਉਣ ਬਰਾਬਰ ਹੈ। ਮਾਨ ਨੇ ਇਹ ਟਿੱਪਣੀ ਸੋਸ਼ਲ ਮੀਡੀਆ ਪਲੈਟਫਾਰਮ ਐਕਸ (X) ਉਤੇ ਪਾਈ ਇਕ ਪੋਸਟ ਵਿਚ ਕੀਤੀ ਹੈ। ਪੰਜਾਬੀ ਅਤੇ ਹਿੰਦੀ ਵਿਚ ਪਾਈ ਗਈ ਇਸ ਟਵੀਟ ਦੇ ਨਾਲ ਇਕ ਮੀਡੀਆ ਕਲਿਪ ਵੀ ਨੱਥੀ ਕੀਤੀ ਗਈ ਹੈ, ਜਿਸ ਵਿਚ ਹਰਿਆਣਾ ਨਾਲ ਸਬੰਧਤ ਡਿਪੋਰਟਸ਼ੁਦਾ ਭਾਰਤੀਆਂ ਨੂੰ ਲਿਜਾਣ ਲਈ ਪੁੱਜੀਆਂ ਗੱਡੀਆਂ ਉਹ ਹੋਣ ਦੀ ਗੱਲ ਆਖੀ ਜਾ ਰਹੀ ਹੈ, ਜਿਹੜੀਆਂ ਕੈਦੀਆਂ ਨੂੰ ਲਿਜਾਣ ਲਈ ਵਰਤੀਆਂ ਜਾਂਦੀਆਂ ਹਨ।