#AMERICA

ਅਮਰੀਕਾ ਵੱਲੋਂ ਪਹਿਲੀ ਵਾਰ 3 ਲੱਖ 20 ਹਜ਼ਾਰ ਭਾਰਤੀਆਂ ਨੂੰ ਐੱਚ-1ਬੀ ਵੀਜ਼ਾ ਜਾਰੀ

ਵਾਸ਼ਿੰਗਟਨ, 17 ਜੂਨ (ਪੰਜਾਬ ਮੇਲ)-ਅਮਰੀਕਾ ਨੇ ਪਹਿਲੀ ਵਾਰ 3 ਲੱਖ 20 ਹਜ਼ਾਰ ਭਾਰਤੀਆਂ ਨੂੰ ਉੱਚ ਹੁਨਰਮੰਦ ਐੱਚ-1ਬੀ ਵੀਜ਼ਾ ਜਾਰੀ ਕੀਤਾ ਹੈ। 2022 ਵਿਚ ਕੁੱਲ 4,42,043 ਪ੍ਰਵਾਨਿਤ ਅਰਜ਼ੀਆਂ ਵਿਚੋਂ ਭਾਰਤੀਆਂ ਨੂੰ ਸਭ ਤੋਂ ਵੱਧ ਵੀਜ਼ੇ ਮਿਲੇ, ਜੋ ਕਿ ਲਗਭਗ 73% ਸਨ।  ਅਮਰੀਕਨ ਇਮੀਗ੍ਰੇਸ਼ਨ ਸਰਵਿਸਿਜ਼ ਦੀ ਰਿਪੋਰਟ ਮੁਤਾਬਕ ਐੱਚ-1ਬੀ ਵੀਜ਼ਾ ਹਾਸਲ ਕਰਨ ਵਾਲੇ 77,500 ਭਾਰਤੀਆਂ ਦਾ ਅਮਰੀਕਾ ‘ਚ ਪਹਿਲਾ ਨੌਕਰੀ ਦਾ ਅਪੁਆਇੰਟਮੈਂਟ ਹੋਵੇਗਾ।
ਐੱਚ-1ਬੀ ਹਾਸਲ ਕਰਨ ਵਾਲਿਆਂ ‘ਚ ਦੂਜੇ ਨੰਬਰ ‘ਤੇ ਚੀਨ 12.5 ਫ਼ੀਸਦੀ ਯਾਨੀ 50 ਹਜ਼ਾਰ ਵੀਜ਼ਾ ਹਾਸਲ ਕਰਨ ‘ਚ ਕਾਮਯਾਬ ਰਿਹਾ। ਕੈਨੇਡੀਅਨ ਨਾਗਰਿਕਾਂ ਨੂੰ ਜਾਰੀ ਕੀਤੇ 4235 ਐੱਚ-1ਬੀ ਦੇ ਨਾਲ ਕੈਨੇਡਾ ਤੀਜੇ ਨੰਬਰ ‘ਤੇ ਸੀ। 2021 ਵਿਚ ਤਿੰਨ ਲੱਖ ਭਾਰਤੀਆਂ ਨੂੰ ਹੀ ਐੱਚ-1 ਵੀਜ਼ਾ ਜਾਰੀ ਹੋਏ ਸੀ, ਉਮੀਦ ਹੈ ਕਿ ਅਗਲੇ ਪੰਜ ਸਾਲਾਂ ਵਿਚ ਕੁੱਲ ਐੱਚ-1ਬੀ ਵੀਜ਼ਾ ਦਾ ਲਗਭਗ 80% ਭਾਰਤੀਆਂ ਨੂੰ ਜਾਰੀ ਕੀਤਾ ਜਾਵੇਗਾ।
ਅਮਰੀਕਾ ਵਿਚ ਐੱਚ-1ਬੀ ਵੀਜ਼ਾ ਲਈ ਬਿਨੈਕਾਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ। 2021 ਵਿਚ 398296 ਅਤੇ 2022 ਵਿਚ 474301 ਅਰਜ਼ੀਆਂ ਆਈਆਂ।
2022 ਦੇ ਅਖ਼ੀਰ ਤੋਂ 2023 ਤੱਕ ਛਾਂਟੀ ਦੇ ਕਾਰਨ ਅਮਰੀਕਾ ਨੂੰ ਸ਼ੁਰੂਆਤੀ ਤੌਰ ‘ਤੇ ਇਸ ਸਾਲ ੍ਹ-1ਭ ਵੀਜ਼ਿਆਂ ਦੀ ਗਿਣਤੀ ਘਟਾਉਣ ਦੀ ਉਮੀਦ ਹੈ। ਡੈਮੋਕ੍ਰੇਟਿਕ ਨੇਤਾ ਅਜੇ ਭੂਟੋਰੀਆ ਦਾ ਕਹਿਣਾ ਹੈ ਕਿ ਐੱਚ-1ਬੀ ਵੀਜ਼ਾ ‘ਚ ਵੱਡਾ ਹਿੱਸਾ ਮਿਲਣਾ ਅਮਰੀਕਾ ‘ਚ ਭਾਰਤੀਆਂ ਦਾ ਦਬਦਬਾ ਦਰਸਾਉਂਦਾ ਹੈ। ਅਮਰੀਕਾ ਨੂੰ ਆਪਣੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਉੱਚ ਹੁਨਰਮੰਦ ਭਾਰਤੀ ਪੇਸ਼ੇਵਰਾਂ ਦੀ ਲੋੜ ਹੈ।
ਇਹ ਵੀਜ਼ਾ ਅਮਰੀਕੀ ਕੰਪਨੀਆਂ ਵਿਚ ਕੰਮ ਕਰਨ ਵਾਲੇ ਵਿਦੇਸ਼ੀ ਉੱਚ ਹੁਨਰਮੰਦ ਪੇਸ਼ੇਵਰਾਂ ਲਈ 3 ਸਾਲਾਂ ਲਈ ਜਾਰੀ ਕੀਤਾ ਜਾਂਦਾ ਹੈ ਤੇ ਕੰਪਨੀ ਵੱਲੋਂ ਅਰਜ਼ੀ ਦੇਣੀ ਪਵੇਗੀ। ਇਸ ਨੂੰ ਕੁੱਲ 6 ਸਾਲ ਤੱਕ ਵਧਾਇਆ ਜਾ ਸਕਦਾ ਹੈ। ਪੰਜ ਸਾਲਾਂ ਬਾਅਦ, ਐੱਚ-1ਬੀ ਵੀਜ਼ਾ ਧਾਰਕ ਅਮਰੀਕੀ ਨਾਗਰਿਕਤਾ ਲਈ ਅਰਜ਼ੀ ਦੇ ਸਕਦਾ ਹੈ।
ਐੱਚ-1ਬੀ ਪ੍ਰਾਪਤ ਕਰਨ ਵਾਲੇ ਭਾਰਤੀਆਂ ਵਿਚੋਂ 66% ਕੰਪਿਊਟਰ ਪੇਸ਼ੇਵਰ ਹਨ। ਹਾਲਾਂਕਿ ਕੁੱਲ ਸਵੀਕਾਰ ਕੀਤੀਆਂ ਅਰਜ਼ੀਆਂ ਵਿਚੋਂ, 31.7% ਕੋਲ ਬੈਚਲਰ ਡਿਗਰੀ ਹੈ, 31% ਕੋਲ ਮਾਸਟਰ, 7.6% ਕੋਲ ਡਾਕਟਰੇਟ ਅਤੇ 3.1% ਕੋਲ ਹੋਰ ਪੇਸ਼ੇਵਰ ਡਿਗਰੀ ਹੈ। ਐੱਚ-1ਬੀ ਵੀਜ਼ਾ ਧਾਰਕਾਂ ਦੀ ਔਸਤ ਉਮਰ 33 ਸਾਲ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੀਜ਼ਿਆਂ ਦੀ ਗਿਣਤੀ ਵਧਾਉਣ ਲਈ ਜਲਦੀ ਹੀ ਇੱਕ ਨਵਾਂ ਬਿੱਲ ਲਿਆਉਣ ਦੀ ਤਿਆਰੀ ਕਰ ਰਹੇ ਹਨ।

Leave a comment