ਪਾਕਿਸਤਾਨ ਤੇ ਸ਼੍ਰੀਲੰਕਾ ਨੂੰ ਦਿੱਤੇ ਜਾ ਰਹੇ ਕਰਜ਼ ਦੇ ਬਦਲੇ ਬਲਪੂਰਵਕ ਲਿਆ ਜਾ ਸਕਦੈ ਲਾਭ
ਵਾਸ਼ਿੰਗਟਨ, 25 ਫਰਵਰੀ (ਪੰਜਾਬ ਮੇਲ)- ਅਮਰੀਕੀ ਵਿਦੇਸ਼ੀ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਅਮਰੀਕਾ ਨੂੰ ਇਸ ਗੱਲ ਦੀ ਡੂੰਘੀ ਚਿੰਤਾ ਹੈ ਕਿ ਚੀਨ ਵਲੋਂ ਭਾਰਤ ਦੇ ਨਾਲ ਲੱਗਦੇ ਗੁਆਂਢੀ ਦੇਸ਼ਾਂ ਪਾਕਿਸਤਾਨ ਅਤੇ ਸ਼੍ਰੀਲੰਕਾ ਨੂੰ ਦਿੱਤੇ ਜਾ ਰਹੇ ਕਰਜ਼ ਦੇ ਬਦਲੇ ਬਲਪੂਰਵਕ ਲਾਭ ਲਿਆ ਜਾ ਸਕਦਾ ਹੈ। ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਦੇ ਸਹਾਇਕ ਵਿਦੇਸ਼ ਮੰਤਰੀ ਡੋਨਾਲਡ ਲੂ ਨੇ ਵਿਦੇਸ਼ੀ ਮੰਤਰੀ ਐਂਟਨੀ ਬਲਿੰਕਨ ਦੀ ਯਾਤਰਾ ਤੋਂ ਪਹਿਲਾਂ ਪੱਤਰਕਾਰਾਂ ਨੂੰ ਕਿਹਾ ਅਸੀਂ ਇਸ ਗੱਲ ਨੂੰ ਲੈ ਕੇ ਬਹੁਤ ਚਿੰਤਿਤ ਹਾਂ ਕਿ ਭਾਰਤ ਦੇ ਨਾਲ ਲੱਗਦੇ ਦੇਸ਼ਾਂ ਨੂੰ ਦਿੱਤੇ ਜਾ ਰਹੇ ਚੀਨੀ ਕਰਜ਼ੇ ਦੀ ਗਲਤ ਵਰਤੋਂ ਕੀਤੀ ਜਾ ਸਕਦੀ ਹੈ।
ਬਲਿੰਕਨ ਇਕ ਤੋਂ ਤਿੰਨ ਮਾਰਚ ਤੱਕ ਤਿੰਨ-ਦਿਨਾਂ ਦੀ ਅਧਿਕਾਰਕ ਯਾਤਰਾ ’ਤੇ ਨਵੀਂ ਦਿੱਲੀ ਜਾ ਰਹੇ ਹਨ। ਲੂ ਨੇ ਕਿਹਾ ਕਿ ਅਮਰੀਕਾ ਇਸ ਖੇਤਰ ਦੇ ਦੇਸ਼ਾਂ ਨਾਲ ਗੱਲ ਕਰ ਰਿਹਾ ਹੈ ਕਿ ਉਹ ਆਪਣੇ ਫ਼ੈਸਲੇ ਖ਼ੁਦ ਲੈਣ ਅਤੇ ਕਿਸੇ ਬਾਹਰੀ ਸਾਂਝੇਦਾਰ ਦੇ ਦਬਾਅ ’ਚ ਨਾ ਆਉਣ। ਲੂ ਨੇ ਕਿਹਾ ਕਿ ਅਸੀਂ ਭਾਰਤ ਨਾਲ ਗੱਲ ਕਰ ਰਹੇ ਹਾਂ, ਇਸ ਖੇਤਰ ਦੇ ਦੇਸ਼ਾਂ ਨਾਲ ਗੱਲ ਕਰ ਰਹੇ ਹਾਂ ਕਿ ਕਿਵੇਂ ਅਸੀਂ ਉਨ੍ਹਾਂ ਦੇਸ਼ਾਂ ਨੂੰ ਖ਼ੁਦ ਦੇ ਫ਼ੈਸਲੇ ਲੈਣ ’ਚ ਮਦਦ ਕਰ ਸਕਦੇ ਹਨ।
ਇਨ੍ਹਾਂ ਫ਼ੈਸਲਿਆਂ ’ਚ ਚੀਨ ਦੀ ਦਖ਼ਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਵਿੱਤ ਮੰਤਰੀ ਇਸਹਾਕ ਡਾਰ ਨੇ ਘੋਸ਼ਣਾ ਕੀਤੀ ਕਿ ਚੀਨ ਵਿਕਾਸ ਬੈਂਕ (ਸੀ.ਡੀ.ਬੀ) ਦੇ ਬੋਰਡ ਨੇ ਦੇਸ਼ ਨੂੰ 70 ਕਰੋੜ ਅਮਰੀਕੀ ਡਾਲਰ ਦੇ ਕਰਜ਼ੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਕ ਸਵਾਲ ਦੇ ਜਵਾਬ ’ਚ ਲੂ ਨੇ ਕਿਹਾ ਕਿ ਚੀਨ ਦੇ ਮੁੱਦੇ ’ਤੇ ਭਾਰਤ ਅਤੇ ਅਮਰੀਕਾ ਵਿਚਾਲੇ ਗੰਭੀਰ ਗੱਲਬਾਤ ਹੋਈ ਹੈ। ਲੂ ਨੇ ਕਿਹਾ, ‘‘ਅਸੀਂ ਨਿਗਰਾਨੀ ਗੁਬਾਰਾ ਮਾਮਲੇ ਤੋਂ ਪਹਿਲਾਂ ਅਤੇ ਬਾਅਦ ’ਚ ਚੀਨ ਬਾਰੇ ਗੰਭੀਰ ਗੱਲਬਾਤ ਕੀਤੀ ਹੈ। ਇਸ ਲਈ ਮੈਨੂੰ ਪੂਰੀ ਉਮੀਦ ਹੈ ਕਿ ਗੱਲਬਾਤ ਜਾਰੀ ਰਹੇਗੀ।’’