ਵਾਸ਼ਿੰਗਟਨ, 23 ਦਸੰਬਰ (ਪੰਜਾਬ ਮੇਲ)-ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈ.ਸੀ.ਈ.) ਦੀ ਰਿਪੋਰਟ ਅਨੁਸਾਰ ਪ੍ਰਵਾਸੀਆਂ ਨੂੰ ਡਿਪੋਰਟ ਕੀਤੇ ਜਾਣ ਦੀ ਦਰ ‘ਚ ਪਿਛਲੇ ਸਾਲ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੀ ਦਰ 2014 ਤੋਂ ਬਾਅਦ ਸਭ ਤੋਂ ਜ਼ਿਆਦਾ ਹੈ।
ਵੀਰਵਾਰ ਨੂੰ ਜਾਰੀ ਰਿਪੋਰਟ ਮੁਤਾਬਕ ਰਾਸ਼ਟਰਪਤੀ ਜੋਅ ਬਾਇਡਨ ਨੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਘੱਟ ਕਰਨ ਲਈ ਸਖਤ ਕਦਮ ਚੁੱਕੇ ਹਨ, ਜਿਸ ਕਾਰਨ ਇਹ ਵਾਧਾ ਹੋਇਆ। 30 ਸਤੰਬਰ ਨੂੰ ਖਤਮ ਹੋਏ ਵਿੱਤੀ ਸਾਲ ਮੁਤਾਬਕ ਇਸ ਸਾਲ ‘ਚ 192 ਦੇਸ਼ਾਂ ਦੇ 2,71,000 ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ। ਇਹ ਅੰਕੜਾ 2021 ‘ਚ ਬਾਇਡਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਸਭ ਤੋਂ ਵੱਧ ਸੀ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ (2017-2021) ਦੇ ਕਿਸੇ ਵੀ ਸਾਲ ਦੇ ਅੰਕੜੇ ਨਾਲੋਂ ਵੱਧ ਸੀ।
ਅਮਰੀਕੀ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਰਾਸ਼ਟਰਪਤੀ ਜੋਅ ਬਾਇਡਨ ਨੇ ਟਰੰਪ ਦੀਆਂ ਸਖਤ ਇਮੀਗ੍ਰੇਸ਼ਨ ਨੀਤੀਆਂ ਨੂੰ ਬਦਲਣ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਨੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਦੀ ਸਮੱਸਿਆ ਦਾ ਸਾਹਮਣਾ ਕੀਤਾ ਅਤੇ ਆਖਿਰਕਾਰ ਲਾਗੂ ਕਰਨ ‘ਤੇ ਸਖਤ ਰੁਖ ਅਪਣਾਇਆ। ਰਿਪਬਲੀਕਨ ਪਾਰਟੀ ਦੇ ਨੇਤਾ ਡੋਨਾਲਡ ਟਰੰਪ ਨੇ ਨਵੰਬਰ ‘ਚ ਰਾਸ਼ਟਰਪਤੀ ਚੋਣ ਜਿੱਤੀ ਅਤੇ ਰਿਕਾਰਡ ਗਿਣਤੀ ‘ਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਵਾਅਦਾ ਕੀਤਾ।
ਰਾਇਟਰਜ਼ ਨੇ ਪਿਛਲੇ ਮਹੀਨੇ ਰਿਪੋਰਟ ਦਿੱਤੀ ਸੀ ਕਿ ਨਵਾਂ ਟਰੰਪ ਪ੍ਰਸ਼ਾਸਨ ਇਸ ਡਿਪੋਰਟੇਸ਼ਨ ਕੈਂਪੇਨ ਨੂੰ ਪੂਰਾ ਕਰਨ ਲਈ ਸੰਘੀ ਸਰਕਾਰੀ ਸਰੋਤਾਂ ਦੀ ਵਰਤੋਂ ਕਰੇਗਾ। ਵਿੱਤੀ ਸਾਲ 2019 ਵਿਚ ਆਈ.ਸੀ.ਈ. ਨੇ 2,67,000 ਪ੍ਰਵਾਸੀਆਂ ਨੂੰ ਹਟਾਇਆ ਸੀ। ਵਿੱਤੀ ਸਾਲ 2023 ਵਿਚ ਬਾਇਡਨ ਵੱਲੋਂ ਡਿਪੋਰਟ ਕੀਤੇ ਅਤੇ ਮੈਕਸੀਕੋ ‘ਚ ਵਾਪਸ ਭੇਜਣ ਦੀ ਗਿਣਤੀ ਟਰੰਪ ਦੇ ਕਿਸੇ ਵੀ ਸਾਲ ਦੇ ਅੰਕੜਿਆਂ ਤੋਂ ਵੱਧ ਰਹੀ।