ਵਾਸ਼ਿੰਗਟਨ, 14 ਅਕਤੂਬਰ (ਪੰਜਾਬ ਮੇਲ)- ਅਮਰੀਕਾ ਨੇ ਇਰਾਨ ਦੇ ਊਰਜਾ ਖੇਤਰ ‘ਤੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਇਰਾਨ ਵੱਲੋਂ ਇਜ਼ਰਾਈਲ ‘ਤੇ ਪਹਿਲੀ ਅਕਤੂਬਰ ਨੂੰ ਦਾਗ਼ੀਆਂ 180 ਮਿਜ਼ਾਈਲਾਂ ਦੇ ਜਵਾਬ ‘ਚ ਅਮਰੀਕਾ ਨੇ ਇਹ ਪਾਬੰਦੀਆਂ ਲਗਾਈਆਂ ਹਨ। ਇਨ੍ਹਾਂ ਪਾਬੰਦੀਆਂ ‘ਚ ਇਰਾਨ ਦੇ ਬੇੜਿਆਂ ਅਤੇ ਸਬੰਧਤ ਕੰਪਨੀਆਂ ‘ਤੇ ਰੋਕ ਸ਼ਾਮਲ ਹੈ, ਜੋ ਸੰਯੁਕਤ ਅਰਬ ਅਮੀਰਾਤ, ਲਾਈਬੇਰੀਆ, ਹਾਂਗਕਾਂਗ ਅਤੇ ਹੋਰ ਖ਼ਿੱਤਿਆਂ ‘ਚ ਫੈਲੀਆਂ ਹੋਈਆਂ ਹਨ। ਇਹ ਬੇੜੇ ਏਸ਼ੀਆ ‘ਚ ਖ਼ਰੀਦਦਾਰਾਂ ਨੂੰ ਵਿਕਰੀ ਲਈ ਇਰਾਨੀ ਤੇਲ ਨੂੰ ਛਿਪਾਉਂਦੇ ਹਨ ਅਤੇ ਉਸ ਦੀ ਆਵਾਜਾਈ ਦਾ ਪ੍ਰਬੰਧ ਕਰਦੇ ਹਨ। ਇਸ ਤੋਂ ਇਲਾਵਾ ਅਮਰੀਕੀ ਵਿਦੇਸ਼ ਵਿਭਾਗ ਨੇ ਇਰਾਨ ਤੋਂ ਪੈਟਰੋਲੀਅਮ ਅਤੇ ਉਸ ਨਾਲ ਜੁੜੀਆਂ ਵਸਤਾਂ ਦੀ ਵਿਕਰੀ ਅਤੇ ਟਰਾਂਸਪੋਰਟ ਦਾ ਕਥਿਤ ਤੌਰ ‘ਤੇ ਪ੍ਰਬੰਧ ਕਰਨ ਲਈ ਸੂਰੀਨਾਮ, ਭਾਰਤ, ਮਲੇਸ਼ੀਆ ਅਤੇ ਹਾਂਗਕਾਂਗ ਸਥਿਤ ਕੰਪਨੀਆਂ ਦੇ ਨੈੱਟਵਰਕ ਨੂੰ ਨਾਮਜ਼ਦ ਕੀਤਾ ਹੈ।