#AMERICA

ਅਮਰੀਕਾ ਵੱਲੋਂ ਆਪਣੇ ਕਰਮਚਾਰੀਆਂ ਨੂੰ ਪਾਕਿਸਤਾਨ ਸਮੇਤ ਮਿਡਲ ਈਸਟ ਦੇਸ਼ ਛੱਡ ਦੇ ਆਦੇਸ਼

ਵਾਸ਼ਿੰਗਟਨ, 9 ਮਾਰਚ (ਪੰਜਾਬ ਮੇਲ)- ਈਰਾਨ ‘ਤੇ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਨਾਲ ਸ਼ੁਰੂ ਹੋਇਆ ਯੁੱਧ ਭਿਆਨਕ ਹੁੰਦਾ ਜਾ ਰਿਹਾ ਹੈ। ਅਮਰੀਕਾ ਅਤੇ ਇਜ਼ਰਾਈਲ ਨੇ ਆਪਣੇ ਹਮਲੇ ਜਾਰੀ ਰੱਖੇ ਹਨ, ਜਦੋਂ ਕਿ ਈਰਾਨ ਵੀ ਜ਼ੋਰਦਾਰ ਜਵਾਬੀ ਕਾਰਵਾਈ ਕਰ ਰਿਹਾ ਹੈ। ਇਸ ਯੁੱਧ ਦਾ ਸੇਕ ਪੂਰੇ ਮੱਧ ਪੂਰਬ ਵਿਚ ਫੈਲ ਗਿਆ ਹੈ। ਇਸ ਦੌਰਾਨ ਅਮਰੀਕਾ ਨੇ ਆਪਣੇ ਕਰਮਚਾਰੀਆਂ ਨੂੰ ਪਾਕਿਸਤਾਨ ਸਮੇਤ ਮਿਡਲ ਈਸਟ ਦੇਸ਼ ਛੱਡ ਦੇਣ ਲਈ ਕਿਹਾ ਹੈ।
ਪਾਕਿਸਤਾਨ ਵਿਚ ਖਤਰੇ ਨੂੰ ਦੇਖਦੇ ਹੋਏ, ਅਮਰੀਕਾ ਨੇ ਕਰਾਚੀ ਅਤੇ ਲਾਹੌਰ ਕੌਂਸਲੇਟਾਂ ਵਿਚ ਤਾਇਨਾਤ ਗੈਰ-ਐਮਰਜੈਂਸੀ ਸਟਾਫ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਹੈ। ਈਰਾਨ ਵਿਚ ਯੁੱਧ ਤੋਂ ਬਾਅਦ ਪਾਕਿਸਤਾਨ ਵਿਚ ਅਮਰੀਕੀ ਕਰਮਚਾਰੀਆਂ ਲਈ ਖ਼ਤਰਾ ਵਧ ਗਿਆ ਹੈ। ਪਿਛਲੇ ਐਤਵਾਰ ਇੱਕ ਭੀੜ ਨੇ ਕਰਾਚੀ ਵਿਚ ਅਮਰੀਕੀ ਕੌਂਸਲੇਟ ‘ਤੇ ਹਮਲਾ ਕਰ ਦਿੱਤਾ ਸੀ, ਜਿਸ ਨਾਲ ਅਮਰੀਕੀ ਮਰੀਨ ਨੂੰ ਗੋਲੀਬਾਰੀ ਕਰਨੀ ਪਈ। ਪ੍ਰਦਰਸ਼ਨਕਾਰੀਆਂ ਦੀ ਭੀੜ ਸੀਮਾ ਦੀਵਾਰ ਤੋੜ ਕੇ ਅੰਦਰ ਦਾਖਲ ਹੋ ਗਈ, ਜਿਸ ਨਾਲ ਹਿੰਸਾ ਵਿਚ ਘੱਟੋ-ਘੱਟ 10 ਲੋਕ ਮਾਰੇ ਗਏ।
ਅਮਰੀਕੀ ਵਿਦੇਸ਼ ਵਿਭਾਗ ਨੇ ਸਾਊਦੀ ਅਰਬ, ਓਮਾਨ ਅਤੇ ਸਾਈਪ੍ਰਸ ਵਿਚ ਤਾਇਨਾਤ ਗੈਰ-ਐਮਰਜੈਂਸੀ ਸਟਾਫ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦੇਸ਼ ਛੱਡਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਫੈਸਲਾ ਅਜਿਹੇ ਸਮੇਂ ਆਇਆ ਹੈ, ਜਦੋਂ ਈਰਾਨ ਮੱਧ ਪੂਰਬ ਵਿਚ ਅਮਰੀਕੀ ਨਾਗਰਿਕ ਅਤੇ ਫੌਜੀ ਠਿਕਾਣਿਆਂ ‘ਤੇ ਹਮਲਾ ਕਰ ਰਿਹਾ ਹੈ। ਰਿਆਧ ਵਿਚ ਅਮਰੀਕੀ ਦੂਤਘਰ ‘ਤੇ ਡਰੋਨ ਹਮਲੇ ਤੋਂ ਬਾਅਦ, ਨੋਟਿਸ ਵਿਚ ਕਿਹਾ ਗਿਆ ਹੈ ਕਿ ਸਾਊਦੀ ਅਰਬ ਵਿਚ ਕਰਮਚਾਰੀਆਂ ਨੂੰ ਈਰਾਨ ਤੋਂ ਡਰੋਨ ਅਤੇ ਮਿਜ਼ਾਈਲ ਹਮਲਿਆਂ ਦੇ ਲਗਾਤਾਰ ਖ਼ਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਅਮਰੀਕੀ ਸਰਕਾਰ ਕੋਲ ਦੇਸ਼ ਦੇ ਨਾਗਰਿਕਾਂ ਦੀ ਸਹਾਇਤਾ ਕਰਨ ਦੀ ਸੀਮਤ ਸਮਰੱਥਾ ਹੈ। ਨੋਟਿਸ ਵਿਚ ਸਾਈਪ੍ਰਸ ਅਤੇ ਓਮਾਨ ਲਈ ਸੁਰੱਖਿਆ ਖਤਰਿਆਂ ਦਾ ਵੀ ਹਵਾਲਾ ਦਿੱਤਾ ਗਿਆ ਹੈ।