ਸੈਕਰਾਮੈਂਟੋ, ਕੈਲੀਫੋਰਨੀਆ, 16 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਨੀਮ ਸ਼ਹਿਰੀ ਖੇਤਰ ਸਿਆਟਲ ਵਿਚ ਇਕ ਖੇਡਾਂ ਦੇ ਸਮਾਨ ਦੇ ਸਟੋਰ ਦੇ ਬਾਹਰ ਇਕ ਵਿਅਕਤੀ ਵੱਲੋਂ 17 ਸਾਲਾ ਨੌਜਵਾਨ ਜਿਸ ਕੋਲ ਏਅਰ ਸਾਫਟ ਗੰਨ ਸੀ, ਨੂੰ ਗੋਲੀਆਂ ਮਾਰ ਕੇ ਮਾਰ ਦੇਣ ਦੇ ਮਾਮਲੇ ਵਿੱਚ ਸ਼ੱਕੀ ਵਿਰੁੱਧ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਇਸਤਗਾਸਾ ਪੱਖ ਅਨੁਸਾਰ ਆਰੋਨ ਬਰਾਊਨ ਮਾਈਰਜ (51) ਵਿਰੁੱਧ 17 ਸਾਲਾ ਨੌਜਵਾਨ ਜਿਸ ਦੀ ਪਛਾਣ ਐਚ ਆਰ ਵਜੋਂ ਹੋਈ ਹੈ, ‘ਤੇ ਹਮਲਾ ਕਰਨ ਤੇ ਦੂਸਰਾ ਦਰਜਾ ਹੱਤਿਆ ਦੇ ਦੋਸ਼ ਲਾਏ ਗਏ ਹਨ। ਨੌਜਵਾਨ ਦੀ ਪਿੱਠ ਵਿਚ ਘੱਟੋ ਘੱਟ 6 ਗੋਲੀਆਂ ਮਾਰੀਆਂ ਗਈਆਂ ਜਿਸ ਕਾਰਨ ਉਸ ਦੀ ਮੌਕੇ ਉਪਰ ਹੀ ਮੌਤ ਹੋ ਗਈ। ਦੂਸਰੇ ਪਾਸੇ ਮਾਈਰਜ ਦੇ ਵਕੀਲ ਨੇ ਕਿਹਾ ਹੈ ਕਿ ਉਸ ਪੇਸ਼ਾਵਰ ਸੁਰੱਖਿਆ ਸਲਾਹਕਾਰ ਹੈ ਤੇ ਉਸ ਨੇ ਆਪਣੇ ਬਚਾ ਲਈ ਗੋਲੀ ਚਲਾਈ ਸੀ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਇਹ ਘਟਨਾ 5 ਜੂਨ ਦੀ ਸ਼ਾਮ ਨੂੰ ਵਾਪਰੀ ਜਦੋਂ ਐਚ ਆਰ ਤੇ ਦੋ ਹੋਰ ਨਬਾਲਗ ਰੈਨਟਨ, ਵਾਸ਼ਿੰਗਟਨ ਵਿਚ 5 ਸਪੋਰਟਿੰਗ ਗੁੱਡਜ ਸਟੋਰ ਵਿਚ ਪੁੱਜੇ। ਐਚ ਆਰ ਦੀ ਜੇਬ ਵਿਚ ਏਅਰਸਾਫਟ ਗੰਨ ਸੀ ਜਦ ਕਿ ਉਸ ਦੇ ਦੋਸਤ ਜਿਸ ਦੀ ਪਛਾਣ ਬੀ ਏ ਵਜੋਂ ਹੋਈ ਹੈ, ਕੋਲ ਵੀ ਏਅਰਸਾਫਟ ਗੰਨ ਸੀ। ਮਾਈਰਜ ਜੋ ਲਾਅ ਇਨਫੋਰਸਮੈਂਟ ਦਾ ਮੈਂਬਰ ਨਹੀਂ ਹੈ,ਨੇ ਸਮਝਿਆ ਕਿ ਉਹ ਲੁੱਟਮਾਰ ਕਰਨ ਆਏ ਹਨ। ਉਸ ਨੇ ਤੁਰੰਤ ਪਿਸਤੌਲ ਤਾਣ ਕੇ ਤਿੰਨਾਂ ਨੂੰ ਆਪਣੀਆਂ ਗੰਨਾਂ ਹੇਠਾਂ ਸੁੱਟਣ ਤੇ ਜਮੀਨ ਉਪਰ ਲੇਟਣ ਲਈ ਕਿਹਾ। ਬੀ ਏ ਨੇ ਅਜਿਹਾ ਹੀ ਕੀਤਾ ਜਦ ਕਿ ਐਚ ਆਰ ਹੱਥ ਖੜੇ ਕਰਕੇ ਭੱਜਣ ਲੱਗਾ ਤਾਂ ਮਾਈਰਜ ਨੇ ਉਸ ਉਪਰ ਗੋਲੀਆਂ ਚਲਾ ਦਿੱਤੀਆਂ। ਮਾਈਰਜ ਨੂੰ ਮੌਕੇ ਉਪਰ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਇਸ ਸਮੇ ਉਹ ਕਿੰਗ ਕਾਊਂਟੀ ਕੋਰੈਕਸ਼ਨਲ ਸੈਂਟਰ ਵਿਚ ਹੈ। ਅਦਾਲਤ ਵਿਚ ਉਸ ਦੀ ਪੇਸ਼ੀ 24 ਜੂਨ ਨੂੰ ਹੋਵੇਗੀ।
ਕੈਪਸ਼ਨ ਗੋਲੀਬਾਰੀ ਉਪੰਰਤ ਮੌਕੇ ‘ਤੇ ਜਾਂਚ ਲਈ ਪੁੱਜੀ ਪੁਲਸ