ਸੈਕਰਾਮੈਂਟੋ,ਕੈਲੀਫੋਰਨੀਆ, 1 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਕੋਨੈਕਟੀਕਟ ਰਾਜ ਦੇ ਇਕ ਵਿਅਕਤੀ ਨੂੰ 2021 ਵਿਚ ਤਿੰਨ ਮਹੀਨਿਆਂ ਦੇ ਸਮੇਂ ਵਿਚ ਕਈ ਲੁੱਟਾਂ ਖੋਹਾਂ ਕਰਨ ਦੇ ਮਾਮਲਿਆਂ ਵਿਚ 28 ਸਾਲ ਕੈਦ ਸੁਣਾਏ ਜਾਣ ਦੀ ਖਬਰ ਹੈ। ਯੂ ਐਸ ਅਟਾਰਨੀ ਦੇ ਦਫਤਰ ਅਨੁਸਾਰ ਕ੍ਰਿਸਟੀਅਨ ਲੂਇਸ ਵੈਲੇਜ-ਰੂਇਜ (25) ਉਪਰ ਦੋਸ਼ ਸੀ ਕਿ ਉਸ ਨੇ ਸਤੰਬਰ ਤੇ ਦਸੰਬਰ 2021 ਦਰਮਿਆਨ ਸਟੋਰਾਂ ਵਿਚ 28 ਹੱਥਿਆਰਬੰਦ ਲੁੱਟਾਂ ਖੋਹਾਂ ਕੀਤੀਆਂ, 6 ਹਥਿਆਰਬੰਦ ਵਾਹਣ ਖੋਹੇ ਤੇ 3 ਹੋਰ ਕਾਰਾਂ ਚੋਰੀ ਕੀਤੀਆਂ। ਯੂ ਐਸ ਅਟਾਰਨੀ ਦਫਤਰ ਨੇ ਕਿਹਾ ਹੈ ਕਿ ਰੂਇਜ ਨੇ ਆਪਣੇ ਸਾਰੇ ਗੁਨਾਹਾਂ ਨੂੰ ਕਬੂਲ ਲਿਆ ਹੈ। ਰੂਇਜ ਦੇ ਵਕੀਲ ਡੇਵਿਡ ਏ ਮੋਰਾਗਨ ਨੇ ਕਿਹਾ ਹੈ ਕਿ ਹਰ ਇਕ ਲਈ ਇਹ ਕੇਸ ਦੁੱਖਦਾਈ ਹੈ ਪਰੰਤੂ ਹੋਈ ਸਜ਼ਾ ਦੀ ਪਹਿਲਾਂ ਤੋਂ ਹੀ ਸਭਾਵਨਾ ਸੀ।