ਸੈਕਰਾਮੈਂਟੋ,ਕੈਲੀਫੋਰਨੀਆ, 22 ਸਤੰਬਰ – (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਇੰਡਿਆਨਾ ਰਾਜ ਦੇ ਇੰਡਿਆਨਾਪੋਲਿਸ ਸ਼ਹਿਰ ਦੇ ਇਕ ਨਜਰਬੰਦੀ ਕੇਂਦਰ ਵਿਚੋਂ ਹੱਤਿਆ ਦੇ ਮਾਮਲੇ ਦੇ ਸ਼ੱਕੀ ਦੋਸ਼ੀ ਨੂੰ ਸਟਾਫ ਵੱਲੋਂ ਗਲਤੀ ਨਾਲ ਛੱਡ ਦੇਣ ਦੀ ਖਬਰ ਹੈ ਜਿਸ ਨੂੰ ਮੁੜ ਕਾਬੂ ਕਰਨ ਲਈ ਪੁਲਿਸ ਨੇ ਆਮ ਲੋਕਾਂ ਕੋਲੋਂ ਸਹਿਯੋਗ ਦੀ ਮੰਗ ਕੀਤੀ ਹੈ। ਇਹ ਜਾਣਕਾਰੀ ਮਾਰੀਅਨ ਕਾਊਂਟੀ ਸ਼ੈਰਿਫ ਦਫਤਰ ਨੇ ਜਾਰੀ ਇਕ ਬਿਆਨ ਵਿਚ ਦਿੰਦਿਆਂ ਕਿਹਾ ਹੈ ਕਿ ਪਿਛਲੇ ਹਫਤੇ ਸ਼ੱਕੀ ਦੋਸ਼ੀ 28 ਸਾਲਾ ਕੈਵਿਨ ਮੈਸਨ ਨੂੰ ਇਕ ‘ਅਡਲਟ ਡਿਟੈਂਨਸ਼ਨ ਸੈਂਟਰ’ ਵਿਚੋਂ ਸਟਾਫ ਵੱਲੋਂ ਰਿਕਾਰਡ ਛਾਣਬੀਣ ਵਿੱਚ ਹੋਈ ਗਲਤੀ ਕਾਰਨ ਰਿਹਾਅ ਕਰ ਦਿੱਤਾ ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਸੈਰਿਫ ਕਰਨਲ ਜੇਮਸ ਮਾਰਟਿਨ ਨੇ ਕਿਹਾ ਕਿ ਇਹ ਅਜੇ ਅਸਪੱਸ਼ਟ ਹੈ ਕਿ ਮੈਸਨ ਕਾਊਂਟੀ ਵਿਚ ਹੀ ਹੈ ਜਾਂ ਬਾਹਰ ਕਿਤੇ ਭੱਜ ਗਿਆ ਹੈ। ਉਨਾਂ ਕਿਹਾ ਕਿ ਮੈਸਨ ਨੂੰ ਮਿਨਿਆਪੋਲਿਸ ਵਿੱਚ 2021 ਵਿਚ ਹੋਈ ਗੋਲੀਬਾਰੀ ਵਿੱਚ ਹੋਈ ਹੱਤਿਆ ਦੇ ਮਾਮਲੇ ਵਿਚ ਸ਼ੱਕੀ ਦੋਸ਼ੀ ਵਜੋਂ ਜਾਰੀ ਵਾਰੰਟ ਤਹਿਤ 11 ਸਤੰਬਰ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਉਸ ਵਿਰੁੱਧ ਦੋ ਹੋਰ ਵਾਰੰਟ ਵੀ ਜਾਰੀ ਹੋਏ ਹਨ ਜਿਨਾਂ ਵਿਚ ਪੈਰੋਲ ਦੀ ਉਲੰਘਣਾ ਤੇ ਹਥਿਆਰ ਰਖਣ ਦੇ ਮਾਮਲੇ ਸ਼ਾਮਿਲ ਹਨ। ਮਾਰਟਿਨ ਅਨੁਸਾਰ ਮੈਸਨ ਦੀ ਰਿਹਾਈ ਵਿਚ ਸ਼ਾਮਿਲ ਦੋ ਰਿਕਾਰਡ ਕਲਰਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਤੇ ਇਸ ਮਾਮਲੇ ਦੀ ਵਿਭਾਗ ਵੱਲੋਂ ਆਪਣੇ ਤੌਰ ‘ਤੇ ਜਾਂਚ ਕੀਤੀ ਜਾਵੇਗੀ।