ਸੈਕਰਾਮੈਂਟੋ, 5 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਵਿਸਕੋਨਸਿਨ ਰਾਜ ਦੇ ਮਿਲਵੌਕੀ ਸ਼ਹਿਰ ਵਿਚ ਇਕ ਸਕੂਲ ਬੱਸ ਨੂੰ ਅਚਾਨਕ ਅੱਗ ਲੱਗ ਗਈ। ਬੱਸ ਦੀ ਡਰਾਈਵਰ ਬੀਬੀ ਇਮੂਨੇਕ ਵਿਲੀਅਮਸ ਦੀ ਹੁਸ਼ਆਰੀ ਨਾਲ ਬੱਸ ਵਿਚ ਸਵਾਰ 37 ਬੱਚੇ ਵਾਲ ਵਾਲ ਬਚ ਗਏ। ਬੀਤੇ ਦਿਨ ਸਵੇਰ ਵੇਲੇ ਵਾਪਰੀ ਇਸ ਘਟਨਾ ਦੇ ਪ੍ਰਾਪਤ ਹੋਏ ਵੇਰਵੇ ਅਨੁਸਾਰ ਬੱਸ ਮਿਲਵੌਕੀ ਅਕੈਡਮੀ ਆਫ ਸਾਇੰਸ ਜਿਥੇ ਬੱਚਿਆਂ ਨੂੰ ਛੱਡਣਾ ਸੀ, ਤੋਂ ਕੁਝ ਹੀ ਦੂਰ ਸੀ ਕਿ ਡਰਾਈਵਰ ਨੂੰ ਕਿਸੇ ਚੀਜ ਦੇ ਸੜਣ ਦੀ ਬੋ ਆਈ। ਪਹਿਲਾਂ ਉਸ ਨੇ ਸੋਚਿਆ ਕਿ ਬਦਬੂ ਬਾਹਰੋਂ ਕਿਸੇ ਹੋਰ ਵਾਹਣ ਵਿਚੋਂ ਆ ਰਹੀ ਹੈ ਪਰੰਤੂ ਇਸ ਦੇ ਤੁਰੰਤ ਬਾਅਦ ਬੱਸ ਦੇ ਇੰਜਣ ਵਿਚੋਂ ਧੂੰਆ ਨਿਕਲਣਾ ਸ਼ੁਰੂ ਹੋ ਗਿਆ।
ਵਿਲੀਅਮ ਨੇ ਫੌਰੀ ਕਾਰਵਾਈ ਕਰਦਿਆਂ 37 ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਜਿਸ ਉਪਰੰਤ ਕੁਝ ਹੀ ਸਕਿੰਟਾਂ ਵਿਚ ਸਮੁੱਚੀ ਬੱਸ ਅੱਗ ਦੀ ਲਪੇਟ ਵਿਚ ਆ ਗਈ। ਬੱਚੇ ਐਲਮੈਂਟਰੀ ਤੋਂ ਲੈ ਕੇ ਹਾਈ ਸਕੂਲ ਦੇ ਵਿਦਿਆਰਥੀ ਹਨ। ਵਿਲਿਅਮਸ ਜੋ ਗਰਭਵੱਤੀ ਹੈ, ਨੂੰ ਇਹਤਿਆਤ ਵਜੋਂ ਹਸਪਤਾਲ ਲਿਜਾਇਆ ਗਿਆ।