#AMERICA

ਅਮਰੀਕਾ ਵਿਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਵਿਅਕਤੀ ਨੇ ਆਪਣੀ ਲਾਸ਼ ਦਾ ਪੋਸਟ ਮਾਰਟਮ ਨਾ ਕਰਨ ਦੀ ਕੀਤੀ ਬੇਨਤੀ, ਪਟੀਸ਼ਨ ਦਾਇਰ

* 18 ਜੁਲਾਈ ਨੂੰ ਲਾਇਆ ਜਾਣਾ ਹੈ ਜ਼ਹਿਰ ਦਾ ਟੀਕਾ

ਸੈਕਰਾਮੈਂਟੋ,ਕੈਲੀਫੋਰਨੀਆ, 13 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-  ਅਮਰੀਕਾ ਦੇ ਅਲਾਬਾਮਾ ਰਾਜ ਵਿਚ ਹੱਤਿਆ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ 64 ਸਾਲਾ ਕੀਥ ਐਡਮੁੰਡ ਗੈਵਿਨ ਨੇ ਸਜ਼ਾ ਵਿਰੁੱਧ ਅਪੀਲ ਨਾ ਕਰਨ ਦਾ ਫੈਸਲਾ ਕੀਤਾ ਹੈ ਤੇ ਬੇਨਤੀ ਕੀਤੀ ਹੈ ਕਿ ਮੁਸਲਮਾਨ ਹੋਣ ਕਾਰਨ ਮੌਤ ਤੋਂ ਬਾਅਦ ਉਸ ਦੀ ਲਾਸ਼ ਦਾ ਪੋਸਟ ਮਾਰਟਮ ਨਾ ਕੀਤਾ ਜਾਵੇ। ਗੈਵਿਨ ਨੇ ਆਪਣੇ ਵਕੀਲ ਰਾਹੀਂ ਇਸ ਸਬੰਧੀ ਪਟੀਸ਼ਨ ਦਾਇਰ ਕੀਤੀ ਹੈ। ਗੈਵਿਨ ਨੂੰ 1998 ਵਿਚ ਇਕ ਏ ਟੀ ਐਮ ‘ਤੇ ਹੋਈ ਗੋਲੀਬਾਰੀ ਵਿੱਚ ਡਲਵਿਰੀ ਡਰਾਈਵਰ ਦੀ ਹੋਈ ਮੌਤ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦੇ ਕੇ ਮੌਤ ਦੀ ਸਜ਼ਾ ਸੁਣਾਈ ਗਈ ਹੈ ਤੇ ਉਸ ਨੂੰ 18 ਜੁਲਾਈ ਨੂੰ ਜ਼ਹਿਰ ਦਾ ਟੀਕਾ ਲਾਇਆ ਜਾਣਾ ਹੈ। ਉਸ ਦੇ ਵਕੀਲ ਵੱਲੋਂ ਮੌਂਟਗੋਮਰੀ ਦੀ ਸਟੇਟ ਅਦਾਲਤ ਵਿਚ ਦਾਇਰ ਪਟੀਸ਼ਨ ਵਿੱਚ ਕਿਹਾ ਹੈ ਕਿ ” ਗੈਵਿਨ ਇਕ ਪੱਕਾ ਮੁਸਲਮਾਨ ਹੈ। ਉਸ ਦੇ ਧਰਮ ਅਨੁਸਾਰ ਮਨੁੱਖੀ ਸਰੀਰ ਇਕ ਪਵਿੱਤਰ ਮੰਦਿਰ ਹੈ ਜਿਸ ਨੂੰ ਹਰ ਹਾਲਤ ਵਿਚ ਸਾਬਤ ਰੱਖਣਾ ਹੁੰਦਾ ਹੈ। ਗੈਵਿਨ ਦਾ ਪੂਰਾ ਵਿਸ਼ਵਾਸ਼ ਹੈ ਕਿ ਜੇਕਰ ਪੋਸਟ ਮਾਰਟਮ ਹੋਇਆ ਤਾਂ ਇਹ ਉਸ ਦੀ ਲਾਸ਼ ਦਾ ਅਪਮਾਨ ਹੋਵੇਗਾ। ਇਸ ਲਈ ਗੈਵਿਨ ਦੇ ਵਿਸ਼ਵਾਸ਼ ਨੂੰ ਨਾ ਤੋੜਿਆ ਜਾਵੇ।” ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਪੋਸਟ ਮਾਰਟਮ ਰੋਕਣ ਲਈ ਗੈਵਿਨ ਦੇ ਵਕੀਲਾਂ ਨੇ ਰਾਜ ਦੇ ਅਧਿਕਾਰੀਆਂ ਤੱਕ ਪਹੁੰਚ ਕਰਨ ਦੀ ਵਾਰ ਵਾਰ ਕੋਸ਼ਿਸ਼ ਕੀਤੀ ਹੈ ਪਰੰਤੂ ਕੋਈ ਜਵਾਬ ਨਹੀਂ ਮਿਲਿਆ। ਅਲਾਬਾਮਾ ਦੇ ਕਾਨੂੰਨ ਅਨੁਸਾਰ ਮੌਤ ਦੇ ਕਾਰਨ ਦਾ ਪਤਾ ਲਾਉਣ ਲਈ ਹਰ ਲਾਸ਼ ਦਾ ਪੋਸਟ ਮਾਰਟਮ ਕਰਨਾ ਜਰੂਰੀ ਹੈ।