ਸੈਕਰਾਮੈਂਟੋ,ਕੈਲੀਫੋਰਨੀਆ, 21 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਵਿਚ ਇਕ ਅਦਾਲਤ ਜਿਥੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਵਿਰੁੱਧ ਅਪਰਾਧਕ ਮੁਕੱਦਮੇ ਦੀ ਸੁਣਵਾਈ ਹੋ ਰਹੀ ਹੈ, ਦੇ ਬਾਹਰ ਇਕ ਵਿਅਕਤੀ ਵੱਲੋਂ ਆਪਣੇ ਉਪਰ ਤੇਲ ਵਰਗਾ ਕੋਈ ਤਰਲ ਛਿੜ ਕੇ ਆਪਣੇ ਆਪ ਨੂੰ ਅੱਗ ਲਾ ਲਈ ਗਈ ਜਿਸ ਕਾਰਨ ਉਹ ਬੁਰੀ ਤਰਾਂ ਝੁਲਸ ਗਿਆ ਤੇ ਉਸ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਨਿਊਯਾਰਕ ਪੁਲਿਸ ਵਿਭਾਗ ਦੇ ਮੁੱਖੀ ਜੈਫਰੀ ਬੀ ਮੈਡਰੇ ਨੇ ਕਿਹਾ ਹੈ ਕਿ ਸੇਂਟ ਅਗੁਸਟਾਈਨ, ਫਲੋਰਿਡਾ ਵਾਸੀ ਮੈਕਸਵੈਲ ਅਜ਼ਾਰੇਲੋ (38) ਮੈਨਹਟਨ ਕ੍ਰਿਮੀਨਲ ਕੋਰਟਹਾਊਸ ਨੇੜੇ ਪਾਰਕ ਵਿਚ ਦੁਪਹਿਰ 1.30 ਵਜੇ ਦੇ ਆਸਪਾਸ ਦਾਖਲ ਹੋਇਆ। ਉਸ ਨੇ ਆਪਣੇ ਨਾਲ ਲਿਆਂਦੇ ਬੈਗ ਵਿਚੋਂ ਕੁਝ ਪਰਚੇ ਕੱਢੇ ਤੇ ਉਨਾਂ ਨੂੰ ਹਵਾ ਵਿਚ ਉਛਾਲ ਦਿੱਤਾ। ਬਾਅਦ ਵਿਚ ਉਸ ਨੇ ਆਪਣੇ ਉਪਰ ਤਰਲ ਛਿੜਕਿਆ ਤੇ ਲਾਈਟਰ ਨਾਲ ਅੱਗ ਲਾ ਲਈ। ਇਸ ਉਪਰੰਤ ਉਹ ਅਦਾਲਤ ਅੱਗੇ ਪੁਲਿਸ ਵੱਲੋਂ ਲਾਈਆਂ ਰੋਕਾਂ ਉਪਰ ਜਾ ਡਿੱਗਾ। ਪੁਲਿਸ ਮੁੱਖੀ ਅਨੁਸਾਰ ਪਾਰਕ ਵਿਚ ਮੌਜੂਦ ਲੋਕਾਂ, ਅਦਾਲਤ ਤੇ ਪੁਲਿਸ ਅਫਸਰਾਂ ਨੇ ਆਪਣੇ ਕੋਟਾਂ ਤੇ ਹੋਰ ਢੰਗ ਤਰੀਕਿਆਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਦੀ ਮੱਦਦ ਨਾਲ ਕੁਝ ਮਿੰਟਾਂ ਵਿਚ ਅੱਗ ਬੁਝਾ ਦਿੱਤੀ ਗਈ ਪਰੰਤੂ ਓਦੋਂ ਤੱਕ ਉਹ ਕਾਫੀ ਸੜ ਚੁੱਕਾ ਸੀ। ਉਸ ਨੂੰ ਗੰਭੀਰ ਹਾਲਤ ਵਿਚ ਨੇੜੇ ਹਸਪਤਾਲ ਲਿਜਾਇਆ ਗਿਆ। ਪੁਲਿਸ ਅਨੁਸਾਰ ਉਸ ਦੀ ਹਾਲਤ ਠੀਕ ਨਹੀਂ ਹੈ। ਅੱਗ ਵਿਭਾਗ ਦੇ ਕਮਿਸ਼ਨਰ ਲੌਰਾ ਕਾਵੰਘ ਨੇ ਕਿਹਾ ਹੈ ਕਿ ਇਸ ਘਟਨਾ ਵਿਚ 4 ਅਫਸਰ ਵੀ ਮਾਮੂਲੀ ਜਖਮੀ ਹੋਏ ਹਨ। ਪੁਲਿਸ ਅਜ਼ਾਰੇਲੋ ਵੱਲੋਂ ਸੁੱਟੇ ਪਰਚਿਆਂ ਦੀ ਜਾਂਚ ਕਰ ਰਹੀ ਹੈ। ਇਹ ਦੁੱਖਦਾਈ ਘਟਨਾ ਉਸ ਵੇਲੇ ਵਾਪਰੀ ਹੈ ਜਦੋਂ 12 ਜੱਜਾਂ ਦਾ ਪੂਰਾ ਬੈਂਚ ਡੋਨਲਡ ਟਰੰਪ ਵਿਰੁੱਧ ਅਪਰਾਧਕ ਮਾਮਲੇ ਦੀ ਸੁਣਵਾਈ ਲਈ ਅਦਾਲਤ ਵਿਚ ਮੌਜੂਦ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਘਟਨਾ ਤੋਂ ਪਹਿਲਾਂ ਇਕ ਪੋਸਟ ਵਿਚ ਅਜ਼ਾਰੇਲੋ ਨੇ ਕਿਹਾ ਹੈ ਕਿ ਉਸ ਨੇ ਅਮਰੀਕਾ ਦੇ ਰਾਜਸੀ ਤੇ ਆਰਥਕ ਸਿਸਟਮ ਵੱਲ ਧਿਆਨ ਖਿੱਚਣ ਲਈ ਆਪਣੇ ਆਪ ਨੂੰ ਜਿੰਦਾ ਸਾੜਣ ਦਾ ਫੈਸਲਾ ਲਿਆ ਹੈ।