ਨਿਊਯਾਰਕ, 12 ਮਈ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਵਿਚ ਚੱਲ ਰਹੇ ਪਾਰਸਲ ਘੁਟਾਲੇ ਵਿਚ ਅਦਾਲਤ ਨੇ ਇੱਕ ਹੋਰ ਗੁਜਰਾਤੀ ਨੂੰ ਸਜ਼ਾ ਸੁਣਾਈ ਹੈ। ਅਮਰੀਕਾ ਦੇ ਸੂਬੇ ਮੈਰੀਲੈਂਡ ਦੇ ਮੋਂਟਗੋਮਰੀ ਕਾਉਂਟੀ ਸਟੇਟ ਅਟਾਰਨੀ ਦਫ਼ਤਰ ਅਨੁਸਾਰ ਕਾਉਂਟੀ ਦੀ ਸਰਕਟ ਅਦਾਲਤ ਨੇ ਅਮਰੀਕਾ ਦੇ ਰਾਜ ਇਲੀਨੋਇਸ ਦੇ ਇਕ ਗੁਜਰਾਤੀ-ਭਾਰਤੀ ਨੀਲ ਪਟੇਲ ਨੂੰ ਡੇਢ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਉਸਨੂੰ ਪੰਜ ਸਾਲਾਂ ਲਈ ਨਿਗਰਾਨੀ ਅਧੀਨ ਪ੍ਰੋਬੇਸ਼ਨ ਅਧੀਨ ਰੱਖਿਆ ਜਾਵੇਗਾ।
ਮੈਰੀਲੈਂਡ ਦੇ ਜੱਜ ਸ਼ੈਰਨ ਬਰੇਲ ਵੱਲੋਂ ਦਿੱਤੇ ਗਏ ਹੁਕਮ ਅਨੁਸਾਰ ਨੀਲ ਪਟੇਲ ਨੂੰ ਆਪਣੇ ਵੱਲੋਂ ਕੀਤੀ ਗਈ ਧੋਖਾਧੜੀ ਲਈ ਪੀੜਤ ਨੂੰ 331,000 ਲੱਖ ਡਾਲਰ ਵੀ ਦੇਣੇ ਪੈਣਗੇ। ਇੱਥੇ ਦੱਸਣਯੋਗ ਹੈ ਕਿ ਲੰਘੀ 5 ਮਾਰਚ, 2024 ਨੂੰ, ਨੀਲ ਪਟੇਲ ਨੇ ਇੱਕ ਨਕਲੀ ਐੱਫ.ਬੀ.ਆਈ. ਏਜੰਟ ਵਜੋਂ ਆਪਣੇ ਆਪ ਨੂੰ ਪੇਸ਼ ਕੀਤਾ ਅਤੇ ਮੋਂਟਗੋਮਰੀ ਵਿਚ ਰਹਿਣ ਵਾਲੀ ਇੱਕ ਬਜ਼ੁਰਗ ਔਰਤ ਤੋਂ ਸੋਨੇ ਦੀਆਂ ਛੜਾਂ ਇਕੱਠੀਆਂ ਕੀਤੀਆਂ। ਸਥਾਨਕ ਪੁਲਿਸ ਅਨੁਸਾਰ ਪੀੜਤਾ ਨੇ ਆਪਣੀ ਧੋਖਾਧੜੀ ਦੀ ਸ਼ਿਕਾਇਤ ਵਿਚ ਕਿਹਾ ਹੈ ਕਿ ਇੱਕ ਵਿਅਕਤੀ ਨੇ ਆਪਣੇ ਆਪ ਨੂੰ ਫੈਡਰਲ ਟਰੇਡ ਕਮਿਸ਼ਨ ਦੇ ਏਜੰਟ ਵਜੋਂ ਦੱਸਦੇ ਹੋਏ ਉਸ ਨਾਲ ਫ਼ੋਨ ‘ਤੇ ਗੱਲ ਕੀਤੀ ਅਤੇ ਕਿਹਾ ਕਿ ਉਸਦੀ ਪਛਾਣ ਚੋਰੀ ਹੋ ਗਈ ਹੈ ਅਤੇ ਇਸ ਸਮੇਂ ਉਸਦੇ ਨਾਮ ‘ਤੇ ਡਰੱਗ ਅਤੇ ਮਨੀ ਲਾਂਡਰਿੰਗ ਗਤੀਵਿਧੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੀੜਤਾ ਨੂੰ ਇਹ ਵੀ ਦੱਸਿਆ ਗਿਆ ਸੀ ਕਿ ਉਸਦੇ ਬੈਂਕ ਖਾਤੇ ਵਿਚ ਜਮ੍ਹਾ ਪੈਸੇ ਸੁਰੱਖਿਅਤ ਨਹੀਂ ਹਨ, ਇਸ ਲਈ ਉਸਨੂੰ ਤੁਰੰਤ ਸਾਰੇ ਪੈਸੇ ਕਢਵਾਉਣੇ ਪੈਣਗੇ ਅਤੇ ਸੋਨਾ ਖਰੀਦਣਾ ਪਵੇਗਾ। ਇਸਨੂੰ ਇੱਕ ਪਾਰਸਲ ਵਿਚ ਪੈਕ ਕਰਨਾ ਹੋਵੇਗਾ ਅਤੇ ਇਸਨੂੰ ਉਸਦੇ ਘਰ ਆਏ ਐੱਫ.ਬੀ.ਆਈ. ਏਜੰਟ ਨੂੰ ਸੌਂਪਣਾ ਹੋਵੇਗਾ।
ਅਮਰੀਕਾ ਵਿਚ ਪਾਰਸਲ ਘੁਟਾਲੇ ‘ਚ ਗੁਜਰਾਤੀ-ਭਾਰਤੀ ਨੂੰ ਸੁਣਾਈ ਗਈ ਸਜ਼ਾ
