ਸੈਕਰਾਮੈਂਟੋ, 18 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਸ਼ਰੈਵਪੋਰਟ, ਲੂਇਸਆਨਾ ਵਿਚ ਇਸ ਮਹੀਨੇ ਦੇ ਸ਼ੁਰੂ ਵਿਚ 43 ਸਾਲਾ ਅਲੋਂਜੋ ਬਾਗਲੇ ਨਾਮੀ ਇਕ ਨਿਹੱਥੇ ਕਾਲੇ ਵਿਅਕਤੀ ਉਪਰ ਗੋਲੀਆਂ ਚਲਾਉਣ ਵਾਲੇ ਪੁਲਿਸ ਅਫਸਰ ਨੂੰ ਹੱਤਿਆ ਦੇ ਦੋਸ਼ ਤਹਿਤ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਹੈ। ਇਹ ਜਾਣਕਾਰੀ ਲੂਇਸਆਨਾ ਸਟੇਟ ਪੁਲਿਸ ਨੇ ਦਿੱਤੀ ਹੈ। ਪੁਲਿਸ ਅਫਸਰ ਐਲਗਜੰਡਰ ਟਾਇਰਲ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਲੂਇਸਆਨਾ ਸਟੇਟ ਪੁਲਿਸ ਦੇ ਜਾਂਚਕਾਰਾਂ ਨੇ ਜੱਜ ਨੂੰ ਦਸਿਆ ਕਿ ਬਾਡੀ ਕੈਮਰੇ ਵਿਚ ਕੈਦ ਦ੍ਰਿਸ਼ਾਂ ਤੋਂ ਪਤਾ ਲੱਗਦਾ ਹੈ ਕਿ ਜਦੋਂ ਬਾਗਲੇ ਨੂੰ ਗੋਲੀ ਮਾਰੀ ਗਈ ਉਸ ਵੇਲੇ ਉਸ ਦੇ ਹੱਥ ਉਪਰ ਸਨ ਤੇ ਉਸ ਕੋਲੋਂ ਕੋਈ ਵੀ ਹਥਿਆਰ ਬਰਾਮਦ ਨਹੀਂ ਹੋਇਆ।
ਟਾਇਲਰ ਦੇ ਵਕੀਲ ਧੂ ਥਾਮਸਨ ਨੇ ਕਿਹਾ ਕਿ ਉਸ ਨੂੰ ਆਸ ਹੈ ਕਿ ਬਾਡੀ ਕੈਮਰੇ ਦੇ ਦ੍ਰਿਸ਼ਾਂ ਦੀ ਮੁੜ ਚੰਗੀ ਤਰਾਂ ਜਾਂਚ ਪੜਤਾਲ ਕੀਤੀ ਜਾਵੇਗੀ ਤੇ ਨਿਰਨਾ ਸਬੂਤਾਂ ਤੇ ਤੱਥਾਂ ਦੇ ਆਧਾਰ ‘ਤੇ ਲਿਆ ਜਾਵੇਗਾ। ਥਾਮਸਨ ਨੇ ਕਿਹਾ ਕਿ ਪੁਲਿਸ ਅਫਸਰ ਨੂੰ ਹਮੇਸ਼ਾਂ ਖਤਰਨਾਕ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਥੇ ਉਹ ਆਪਣੇ ਜੀਵਨ ਨੂੰ ਖਤਰੇ ਦੇ ਮੱਦੇਨਜ਼ਰ ਜਕੋਤਕੀ ਵਿਚ ਨਿਰਨਾ ਲੈਂਦੇ ਹਨ। ਉਨਾਂ ਕਿਹਾ ਕਿ ਨਿਹੱਥਾ ਵਿਅਕਤੀ ਵੀ ਪੁਲਿਸ ਅਫਸਰ ਲਈ ਖਤਰਾ ਬਣ ਸਕਦਾ ਹੈ। ਬਾਗਲੇ ਦੇ ਪਰਿਵਾਰ ਨੂੰ ਵੀ ਗੋਲੀਬਾਰੀ ਦੀ ਵੀਡੀਓ ਵਿਖਾਈ ਗਈ ਹੈ। ਪੁਲਿਸ ਅਨੁਸਾਰ 3 ਫਰਵਰੀ ਨੂੰ ਇਕ ਅਪਾਰਮੈਂਟ ਕੰਪਲੈਕਸ ਵਿਚ ਇਕ ਘਰੇਲੂ ਝਗੜੇ ਦੀ ਸੂਚਨਾ ਮਿਲਣ ‘ਤੇ 3 ਪੁਲਿਸ ਅਫਸਰ ਮੌਕੇ ਉਪਰ ਪੁੱਜੇ ਸਨ। ਪੁਲਿਸ ਦੇ ਪਹੁੰਚਣ ‘ਤੇ ਬਾਗਲੇ ਅਪਾਰਮੈਂਟ ਦੀ ਬਾਲਕੋਨੀ ਵਿਚੋਂ ਛਾਲ ਮਾਰ ਕੇ ਭੱਜ ਗਿਆ ਜਿਸ ਦਾ ਪਿੱਛਾ ਕਰਕੇ ਇਕ ਪੁਲਿਸ ਅਫਸਰ ਨੇ ਉਸ ਉਪਰ ਗੋਲੀ ਚਲਾ ਦਿੱਤੀ ਜਿਸ ਉਪਰੰਤ ਉਸ ਦੀ ਮੌਤ ਹੋ ਗਈ ਸੀ।