ਸੈਕਰਾਮੈਂਟੋ, 22 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਪੋਰਟਲੈਂਡ (ਓਰਗੋਨ) ਵਿਖੇ ਇਕ ਕਾਰ ਉਪਰ ਬਿਜਲੀ ਦੀ ਤਾਰ ਡਿੱਗ ਜਾਣ ਕਾਰਨ ਉਸ ਵਿਚ ਸਵਾਰ 3 ਜਣਿਆਂ ਦੀ ਮੌਤ ਹੋ ਜਾਣ ਦੀ ਖਬਰ ਹੈ। ਪੋਰਟਲੈਂਡ ਫਾਇਰ ਐਂਡ ਰੈਸਕਿਊ ਵਿਭਾਗ ਦੇ ਬੁਲਾਰੇ ਰਿਕ ਗਰੇਵਜ ਨੇ ਕਿਹਾ ਹੈ ਕਿ ਤਾਰ ਡਿੱਗਣ ਉਪਰੰਤ 3 ਵਿਅਕਤੀਆਂ ਨੇ ਕਾਰ ਵਿਚੋਂ ਬਰਫ ਉਪਰ ਛਾਲਾਂ ਮਾਰ ਦਿੱਤੀਆਂ ਪਰੰਤੂ ਉਹ ਬਿਜਲੀ ਦੀ ਤਾਰ ਦੇ ਸੰਪਰਕ ਵਿਚ ਆ ਗਏ ਤੇ ਮਾਰੇ ਗਏ। ਪੀੜਤ ਪਰਿਵਾਰ ਦੇ ਮੁਖੀ ਰੋਨਾਲਡ ਬਿਗਸ ਨੇ ਦਸਿਆ ਕਿ ਇਸ ਘਟਨਾ ਵਿਚ ਉਸ ਦੇ 15 ਸਾਲਾ ਪੁੱਤਰ , 21 ਸਾਲਾ ਧੀ ਜੋ 6 ਮਹੀਨੇ ਤੋਂ ਗਰਭਵਤੀ ਸੀ, ਤੇ ਧੀ ਦੇ ਦੋਸਤ ਨੈਸ਼ ਦੀਆਂ ਜਾਨਾਂ ਚਲੀਆਂ ਗਈਆਂ ਜਦ ਕਿ ਉਸ ਦੇ 9 ਮਹੀਨਿਆਂ ਦੇ ਪੋਤੇ ਨੂੰ ਨੇੜੇ ਘਟਨਾ ਨੂੰ ਵੇਖ ਰਹੀ ਇਕ ਔਰਤ ਨੇ ਹਿੰਮਤ ਕਰਕੇ ਬਚਾ ਲਿਆ। ਬਿਗਸ ਨੇ ਕਿਹਾ ਕਿ ਮੇਰੇ 6 ਬੱਚੇ ਹਨ ਜਿਨਾਂ ਵਿਚੋਂ 2 ਇਕੋ ਦਿਨ ਹੀ ਉਸ ਤੋਂ ਸਦਾ ਲਈ ਵਿਛੜ ਗਏ ਹਨ। ਇਥੇ ਜਿਕਰਯੋਗ ਹੈ ਕਿ ਜਬਰਦਸਤ ਬਰਫਬਾਰੀ ਤੇ ਸ਼ੀਤ ਲਹਿਰ ਕਾਰਨ ਬਿਜਲੀ ਦੀਆਂ ਤਾਰਾਂ ਟੁੱਟਣ ਤੇ ਦਰੱਖਤ ਡਿੱਗਣ ਕਾਰਨ ਜਾਨ ਲੇਵਾ ਘਟਨਾਵਾਂ ਵਾਪਰ ਰਹੀਆਂ ਹਨ।