ਸੈਕਰਾਮੈਂਟੋ, 9 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਐਰੀਜ਼ੋਨਾ ਦੇ ਇਕ ਹਵਾਈ ਅੱਡੇ ਤੋਂ ਉਡਾਨ ਭਰਨ ਵੇਲੇ ਧਾਤ ਦੀ ਵਾੜ ‘ਤੇ ਇਕ ਕਾਰ ਨਾਲ ਟਕਰਾ ਕੇ ਇਕ ਛੋਟੇ ਜਹਾਜ਼ ਦੇ ਤਬਾਹ ਹੋ ਜਾਣ ਦੀ ਖਬਰ ਹੈ। ਨੈਸ਼ਨਲ ਟਰਾਂਸਪੋਰਟ ਸੇਫਟੀ ਬੋਰਡ ਅਨੁਸਾਰ ਇਹ ਹਾਦਸਾ ਫੀਨਿਕਸ ਦੇ ਪੂਰਬ ਵਿਚ ਤਕਰੀਬਨ 25 ਮੀਲ ਦੂਰ ਮੈਸਾ ਸ਼ਹਿਰ ਦੇ ਫਾਲਕੋਨ ਫੀਲਡ ਏਅਰਪੋਰਟ ‘ਤੇ ਵਾਪਰਿਆ। ਜ਼ਮੀਨ ‘ਤੇ ਡਿੱਗਣ ਉਪਰੰਤ ਜਹਾਜ਼ ਨੂੰ ਅੱਗ ਲੱਗ ਗਈ। ਮੈਸਾ ਫਾਇਰ ਐਂਡ ਮੈਡੀਕਲ ਡਿਪਾਰਟਮੈਂਟ ਦੇ ਬੁਲਾਰੇ ਮੈਰੀਸਾ ਰਾਮਿਰੇਜ਼ ਰਾਮੋਸ ਅਨੁਸਾਰ ਜਹਾਜ਼ ‘ਚ ਸਵਾਰ ਪਾਇਲਟ ਸਮੇਤ ਸਾਰੇ 5 ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਇਕ ਬੱਚਾ ਵੀ ਸ਼ਾਮਲ ਹੈ। ਮੈਸਾ ਪੁਲਿਸ ਵਿਭਾਗ ਨੇ 4 ਵਿਅਕਤੀਆਂ ਦੇ ਮੌਕੇ ਉਪਰ ਹੀ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ, ਜਿਨ੍ਹਾਂ ਵਿਚ ਸਪੈਂਸਰ ਲਿੰਡਾਹੀ (43), ਰਸਟਿਨ ਰੈਂਡਾਲ (48), ਡਰੀਊ ਕਿੰਬਾਲ (44) ਤੇ ਗ੍ਰਾਹਾਮ ਕਿੰਬਾਲ (12) ਸ਼ਾਮਲ ਹਨ। ਪੁਲਿਸ ਦਾ ਕਹਿਣਾ ਹੈ ਕਿ ਪੰਜਵੇਂ ਵਿਅਕਤੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਬੁਲਾਰੇ ਨੇ ਕਿਹਾ ਹੈ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ਵਿਚ ਕਾਰ ਦੇ ਡਰਾਈਵਰ ਦੀ ਵੀ ਮੌਤ ਹੋ ਗਈ ਹੈ, ਜਿਸ ਦੀ ਪਛਾਣ ਨਹੀਂ ਹੋ ਸਕੀ।