#AMERICA

ਅਮਰੀਕਾ ਵਿਚ ਇਕ ਛੋਟੇ ਜਹਾਜ਼ ਨੂੰ ਹਾਦਸੇ ਉਪਰੰਤ ਲੱਗੀ ਅੱਗ, 5 ਵਿਅਕਤੀਆਂ ਦੀ ਮੌਤ

ਸੈਕਰਾਮੈਂਟੋ , ਕੈਲੀਫੋਰਨਆ , 26 ਫਰਵਰੀ  (ਹੁਸਨ ਲੜੋਆ ਬੰਗਾ/ਪੰਜਾਬ ਮੇਲ)-  ਅਮਰੀਕਾ ਦੇ ਅਰਕੰਸਾਸ ਸੂਬੇ ਵਿਚ ਇਕ ਛੋਟਾ ਜਹਾਜ਼ ਤਬਾਹ ਹੋ ਗਿਆ ਤੇ ਉਸ ਵਿਚ ਸਵਾਰ 5 ਵਿਅਕਤੀਆਂ ਦੀ ਮੌਤ ਹੋ ਗਈ। ਇਹ ਘਟਨਾ ਲਿਟਲ ਰੌਕ ਖੇਤਰ ਵਿਚ ਵਾਪਰੀ। ਓਹੀਓ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਜਹਾਜ਼ ਪਿਛਲੇ ਦਿਨ ਇਕ ਸਥਾਨਕ ਮੈਟਲ ਫੈਕਟਰੀ ਵਿਚ ਹੋਏ ਧਮਾਕੇ ਵਾਲੇ ਸਥਾਨ ‘ਤੇ ਜਾ ਰਿਹਾ ਸੀ। ਇਸ ਵਿਚ ਸੈਂਟਰਫਾਰ ਟੌਕਸੀਕਾਲੋਜੀ ਐਂਡ ਇਨਵਾਇਰਮੈਂਟ ਹੈਲਥ ਦੇ ਮੁਲਾਜ਼ਮ ਸਵਾਰ ਸਨ ਜੋ ਧਮਾਕੇ ਵਾਲੇ ਸਥਾਨ ‘ਤੇ ਵਾਤਾਵਰਣ ਸਬੰਧੀ ਜਾਇਜ਼ਾ ਲੈਣ ਲਈ ਜਾ ਰਹੇ ਸਨ । ਜਹਾਜ਼ ਨੇ ਬਿਲ ਐਂਡ ਹਲੇਰੀ ਕਲਿੰਟਨ ਨੈਸ਼ਨਲ ਏਅਰਪੋਰਟ ਲਿਟਲਰੌਕ ਤੋਂ ਜੌਹਨਗਲੈਨਕੋਲੰਬਸ ਇੰਟਨੈਸ਼ਨਲ ਏਅਰਪੋਰਟ ਓਹੀਓ ਲਈ ਦੁਪਹਿਰ ਵੇਲੇ ਉਡਾਨ ਭਰੀ ਸੀ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਅਨੁਸਾਰ ਦੋ ਇੰਜਣਾਂ ਵਾਲਾ ਜਹਾਜ਼ ਉਡਾਨ ਭਰਨ ਦੇ ਕੁਝ ਦੇਰ ਬਾਅਦ ਲਿਟਲ ਰੌਕ ਹਵਾਈ ਅੱਡੇ ਨੇੜੇ ਤਬਾਹ ਹੋ ਗਿਆ ਤੇ ਇਸ ਨੂੰ ਅੱਗ ਲੱਗ ਗਈ। ਬੋਰਡ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ। ਸੈਂਟਰ ਫਾਰ ਟੌਕਸੀਕਾਲੋਜੀ ਐਂਡ ਇਨਵਾਇਰਮੈਂਟ ਹੈਲਥ ਦੇ ਸੀਨੀਅਰ ਉਪ ਪ੍ਰਧਾਨ ਡਾ ਪਾਲਨੋਨੀ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਇਸ ਹਾਦਸੇ ਵਿਚ ਸਾਨੂੰ ਸਾਡੇ ਸਾਥੀਆਂ ਦੇ ਵਿਛੜ ਜਾਣ ਦਾ ਬੇਹੱਦ ਅਫਸੋਸ ਹੈ। ਅਸੀਂ ਇਸ ਦੁੱਖ ਦੀ ਘੜੀ ਵਿਚ ਪੀੜਤ ਪਰਿਵਾਰਾਂ ਦੇ ਨਾਲ ਖੜੇ ਹਾਂ। ਇਥੇ ਜਿਕਰਯੋਗ ਹੈ ਕਿ ਓਹੀਓ ਦੀ ਇਕ ਮੈਟਲ ਫੈਕਟਰੀ ਵਿਚ ਬੀਤੇ ਸੋਮਵਾਰ ਹੋਏ ਧਮਾਕੇ ਉਪਰੰਤ ਲੱਗੀ ਅੱਗ ਵਿਚ ਸੜਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਸੀ।

Leave a comment