#AMERICA

ਅਮਰੀਕਾ ਵਿਚ ਆਏ ਤੂਫਾਨ ਤੇ ਖਰਾਬ ਮੌਸਮ ਕਾਰਨ 5 ਮੌਤਾਂ, ਹਜਾਰਾਂ ਲੋਕ ਬਿਨਾਂ ਬਿਜਲੀ ਰਹਿਣ ਲਈ ਮਜਬੂਰ

ਸੈਕਰਾਮੈਂਟੋ, ਕੈਲੀਫੋਰਨੀਆ, 18 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਟੈਕਸਾਸ, ਲੂਇਸਇਆਨਾ ਤੇ ਮਿਸੀਸਿੱਪੀ ਰਾਜ ਵਿਚ ਮੌਸਮ ਦੇ ਬਦਲੇ ਮਿਜ਼ਾਜ਼ ਤੇ ਆਏ ਜਬਰਦਸਤ ਤੂਫਾਨ ਕਾਰਨ ਹਜਾਰਾਂ ਲੋਕਾਂ ਵੱਲੋਂ ਬਿਨਾਂ ਬਿਜਲੀ ਰਹਿਣ ਲਈ ਮਜਬੂਰ ਹੋਣ ਤੇ 5 ਵਿਅਕਤੀਆਂ ਦੀ ਮੌਤ ਹੋਣ ਦੀ ਖਬਰ ਹੈ।  ਅਨੇਕਾਂ ਦਰਖਤ ਡਿੱਗ ਗਏ ਹਨ ਤੇ ਬਿਜਲੀ ਦੇ ਖੰਭਿਆਂ ਅਤੇ ਲਾਈਨਾਂ ਨੂੰ ਨੁਕਸਾਨ ਪੁੱਜਾ ਹੈ। ਟੈਕਸਾਸ ਦੇ ਪੈਰੀਟੋਨ ਕਸਬੇ ਵਿਚ ਤੂਫਾਨ ਦੀ ਲਪੇਟ ਵਿਚ  ਆ ਕੇ 3 ਲੋਕਾਂ ਦੀ ਮੌਤ ਹੋ ਗਈ ਜਦਕਿ ਦਰਜ਼ਨਾਂ ਲੋਕ ਜ਼ਖਮੀ ਹੋਏ ਹਨ। ਪੈਰੀਟੋਨ ਵਿਚ ਵੱਡੇ ਪੱਧਰ ਉਪਰ ਹੋਈ ਤਬਾਹੀ ਕਾਰਨ ਕਰਫਿਊ ਲਾਉਣਾ ਪਿਆ ਜਿਸਨੂੰ ਬਾਅਦ ਵਿਚ ਹਟਾ ਲਿਆ ਗਿਆ। ਪੈਰੀਟੋਨ ਵਿਚ 50 ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ । ਸਥਾਨਕ ਅਧਿਕਾਰੀਆਂ ਅਨੁਸਾਰ 2 ਵਿਅਕਤੀ ਲਾਪਤਾ ਹਨ। ਫਲੋਰਿਡਾ ਤੇ ਮਿਸੀਸਿੱਪੀ ਵਿਚ ਇਕ-ਇਕ ਮੌਤ ਹੋਣ ਦੀ ਰਿਪੋਰਟ ਹੈ। ਐਸ ਕੈਮਬੀਆ ਕਾਊਂਟੀ ਦੇ ਬੁਲਾਰੇ ਐਂਡੀਗਿਬਸਨ ਅਨੁਸਾਰ ਫਲੋਰਿਡਾ ਵਿਚ ਇਕ ਵਿਅਕਤੀ ਉਸ ਵੇਲੇ ਮਾਰਿਆ ਗਿਆ ਜਦੋਂ ਇਕ ਦਰਖਤ ਉਸਦੇ ਘਰ ਉਪਰ ਆ ਡਿੱਗਾ ਜਿਸ ਕਾਰਨ ਘਰ ਢਹਿ ਢੇਰੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮੋਬਾਈਲ ਘਰਾਂ ਦੇ ਮਾਲਕਾਂ ਦਾ ਵੱਡੀ ਪੱਧਰ ਉਪਰ ਨੁਕਸਾਨ ਹੋਇਆ ਹੈ। ਇਸ ਦੌਰਾਨ ਨੈਸ਼ਨਲ ਵੈਦਰ ਸਰਵਿਸ ਨੇ ਟੈਕਸਾਸ ਤੇ ਦੱਖਣੀ ਅਮਰੀਕੀ ਰਾਜਾਂ ਨੂੰ ਚਿਤਾਵਨੀ ਦਿੱਤੀਹੈ ਕਿ ਉਹ ਅੱਤ ਗਰਮੀ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਭਵਿੱਖਬਾਣੀ ਅਨੁਸਾਰ ਇਸ ਵਾਰ ਦੱਖਣੀ ਟੈਕਸਾਸ ਤੇ ਲੂਇਸਇਆਨਾ ਦੇ ਤੱਟੀ ਹਿੱਸਿਆਂ ਵਿਚ ਪਹਿਲਾਂ ਦੀ ਤੁਲਨਾ ਵਿਚ ਵਧੇਰੇ ਗਰਮੀ ਪਵੇਗੀ।

Leave a comment