#AMERICA

ਅਮਰੀਕਾ ਵਿਚ ਆਏ ਜਬਰਦਸਤ ਤੂਫਾਨ ਨੇ ਜਾਰਜੀਆ ਤੋਂ ਇਲੀਨੋਇਸ ਤੱਕ ਮਚਾਈ ਭਾਰੀ ਤਬਾਹੀ

* ਘਰਾਂ ਤੇ ਹੋਰ ਇਮਾਰਤਾਂ ਨੂੰ ਪੁੱਜਾ ਭਾਰੀ ਨੁਕਸਾਨ-ਇਕ ਮੌਤ ਤੇ ਕਈ ਜਖਮੀ
ਸੈਕਰਾਮੈਂਟੋ,ਕੈਲੀਫੋਰਨੀਆ 5 ਅਪ੍ਰੈਲ  (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਵਿਚ ਆਏ ਜਬਰਦਸਤ ਤੂਫਾਨ ਨੇ ਭਾਰੀ ਤਬਾਹੀ ਮਚਾਈ ਹੈ ਤੇ ਤੂਫਾਨ ਜਾਰਜੀਆ ਤੋਂ ਇਲੀਨੋਇਸ ਤੱਕ ਆਪਣੇ ਪਿੱਛੇ ਤਬਾਹੀ ਦੇ ਨਿਸ਼ਾਨ ਛੱਡ ਗਿਆ ਹੈ। ਸ਼ੱਕਤੀਸ਼ਾਲੀ ਤੂਫਾਨ ਨੇ ਦੱਖਣ ਤੋਂ ਉਹੀਓ ਵੈਲੀ ਤੱਕ ਭਾਰੀ ਨੁਕਸਾਨ ਕੀਤਾ ਹੈ ਜਿਸ ਦੀ ਲਪੇਟ ਵਿਚ ਆ ਕੇ ਇਕ ਵਿਅਕਤੀ ਦੇ ਮਾਰੇ ਜਾਣ ਤੇ ਅਨੇਕਾਂ ਹੋਰਨਾਂ ਦੇ ਜਖਮੀ ਹੋ ਜਾਣ ਦੀ ਖਬਰ ਹੈ। ਅਨੇਕਾਂ ਘਰ ਤੇ ਹੋਰ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ। ਗਵਰਨਰ ਐਂਡੀ ਬੇਸ਼ੀਅਰ ਨੇ ਕਿਹਾ ਹੈ ਕਿ ਖਤਰਨਾਕ ਤੂਫਾਨ ਕਾਰਨ ਕੈਂਟੁਕੀ ਵਿਚ ਘੱਟੋ ਘੱਟ ਇਕ ਵਿਅਕਤੀ ਮਾਰਿਆ ਗਿਆ ਹੈ। ਗਵਰਨਰ ਨੇ ਲੈਕਸਿੰਗਟਨ ਖੇਤਰ ਵਿਚ ਤੂਫਾਨ ਕਾਰਨ ਪੁੱਜੇ ਨੁਕਸਾਨ ਦੇ ਮੱਦੇਨਜਰ ਰਾਜ ਭਰ ਵਿਚ ਹੰਗਾਮੀ ਸਥਿੱਤੀ ਦਾ ਐਲਾਨ ਕੀਤਾ ਹੈ। ਤੂਫਾਨ ਕਾਰਨ ਲੋਇਸਵਿਲੇ ਦੇ ਉੱਤਰ ਵਿਚ ਜੈਫਰਸਨਵਿਲੇ, ਇੰਡਿਆਨਾ ਵਿਚ ਘੱਟੋ ਘੱਟ 10 ਵਿਅਕਤੀ ਜਖਮੀ ਹੋਏ ਹਨ। ਇਹ ਜਾਣਕਾਰੀ ਸ਼ਹਿਰ ਦੇ ਮੇਅਰ ਨੇ ਦਿੱਤੀ ਹੈ। ਘਰਾਂ ਦੀਆਂ ਛੱਤਾਂ ਉੱਡ ਗਈਆਂ ਹਨ ਤੇ ਮਲਬਾ ਦੂਰ ਤੱਕ ਫੈਲ ਗਿਆ ਹੈ। ਗਵਰਨਰ ਜਿਮ ਜਸਟਿਸ ਅਨੁਸਾਰ ਪੂਰੇ ਪੱਛਮੀ ਵਰਜੀਨੀਆ ਵਿਚ ਮੀਂਹ ਕਾਰਨ ਹਾਲਾਤ ਹੜ ਵਰਗੇ ਬਣ ਗਏ ਹਨ। ਦਰਖਤ ਡਿੱਗੇ ਪਏ ਹਨ ਤੇ ਬਿਜਲੀ ਠੱਪ ਹੋ ਗਈ ਹੈ। ਇਸ ਦੇ ਨਾਲ ਹੀ ਸੜਕਾਂ ਜਾਮ ਹੋ ਗਈਆਂ ਹਨ। ਗਵਰਨਰ ਨੇ ਫੇਏਟੀ, ਕਾਨਾਵਹਾ, ਲਿਨਕੋਲਨ ਤੇ ਨਿਕੋਲਸ ਕਾਊਂਟੀਆਂ ਵਿਚ ਹੰਗਾਮੀ ਹਾਲਤ ਦਾ ਐਲਾਨ ਕੀਤਾ ਹੈ। ਐਮਰਜੈਂਸੀ ਦਫਤਰ ਦੇ ਮੈਨਜਮੈਂਟ ਡਾਇਰੈਕਟਰ ਕੈਵਿਨ ਵਾਲਕਰ ਅਨੁਸਾਰ ਫੇਏਟੀ ਕਾਊਂਟੀ ਪੱਛਮੀ ਵਰਜੀਨੀਆ ਵਿਚ ਘੱਟੋ ਘੱਟ 13 ਘਰਾਂ ਨੂੰ ਨੁਕਸਾਨ ਪੁੱਜਾ ਹੈ ਤੇ ਕੁਝ ਲੋਕ ਜਖਮੀ ਵੀ ਹੋਏ ਹਨ। ਉਨਾਂ ਕਿਹਾ ਕਿ ਕੁਝ ਘਰਾਂ ਨੂੰ ਬਹੁਤ ਜਿਆਦਾ ਨੁਕਸਾਨ ਪੁੱਜਾ ਹੈ।
ਕੈਪਸ਼ਨ ਬਕਨਰ, ਕੈਂਟੁਕੀ ਵਿਚ ਤੂਫਾਨ ਕਾਰਨ ਘਰਾਂ ਦੇ ਹੋਏ ਨੁਕਸਾਨ ਦਾ ਦ੍ਰਿਸ਼ ਤੇ ਮੌਕੇ ‘ਤੇ ਪੁੱਜੇ ਰਾਹਤ ਕਾਮੇ

ਯੂ ਐਸ ਕੈਪੀਟਲ ਹਮਲੇ ਨੂੰ ਘਟਾ ਕੇ ਨਹੀਂ ਵੇਖਿਆ ਜਾ ਸਕਦਾ-ਸੰਘੀ ਜੱਜ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਇਕ ਸੰਘੀ ਜੱਜ ਨੇ 6 ਜਨਵਰੀ 2021 ਵਿਚ ਅਮਰੀਕੀ ਰਾਜਧਾਨੀ ਵਸ਼ਿੰਗਟਨ ਵਿਚ ਸੰਸਦ ਭਵਨ ਉਪਰ ਹੋਏ ਹਮਲੇ ਦੇ ਮਾਮਲੇ ਵਿਚ ਇਕ ਦੋਸ਼ੀ ਵੱਲੋਂ ਹਮਲੇ ਨੂੰ ਘਟਾ ਕੇ ਵੇਖਣ ਤੇ ਦੰਗਿਆਂ ਸਬੰਧੀ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਤਰਾਂ ਸ਼ਬਦਾਵਲੀ ਵਰਤਣ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਇਹ ਮਾਮਲਾ ਸਧਾਰਨ ਨਹੀਂ ਹੈ। ਯੂ ਐਸ ਡਿਸਟ੍ਰਿਕਟ ਜੱਜ ਰੋਇਸ ਲੈਮਬਰਥ ਨੇ ਟੇਲਰ ਜੇਮਜ ਜੌਹਨਟਕਿਸ ਨੂੰ 7 ਸਾਲ ਤੋਂ ਵਧ ਕੈਦ ਦੀ ਸਜ਼ਾ ਸੁਣਾਉਂਦਿਆਂ ਕਿਹਾ ਕਿ ਅਸੀਂ ਯੂ ਐਸ ਕੈਪੀਟਲ ਹਮਲੇ ਨੂੰ ਸਧਾਰਨ ਘਟਨਾ ਵਜੋਂ ਨਹੀਂ ਲੈ ਸਕਦੇ । ਅਜਿਹਾ ਕਦੀ ਵੀ ਨਹੀਂ ਹੋਵੇਗਾ। ਜੱਜ ਨੇ ਚਿਤਾਵਨੀ ਦਿੱਤੀ ਕਿ ਜੇਕਰ ਭਵਿੱਖ ਵਿਚ ਚੋਣ ਨਤੀਜਿਆਂ ਨੂੰ ਬਦਲਣ ਦੀ ਕੋਸ਼ਿਸ਼ ਕਾਰਨ ਅਮਰੀਕੀ ਪ੍ਰੇਸ਼ਾਨ ਹੋਏ ਤਾਂ ਇਸ ਨਾਲ ਅਰਾਜਕਤਾ ਫੈਲ ਜਾਵੇਗੀ ਤੇ ਸਾਡੀਆਂ ਸੰਸਥਾਵਾਂ ਅਸਥਿਰ ਹੋ ਜਾਣਗੀਆਂ ਜਿਸ ਤਰਾਂ ਕੇ 6 ਜਨਵਰੀ 2021 ਨੂੰ ਹੋਇਆ ਸੀ। ਹਾਲਾਂ ਕਿ ਜੱਜ ਨੇ ਜੌਹਨਟਕਿਸ ਨੂੰ ਸਜਾ ਸੁਣਾਉਂਦਿਆਂ ਟਰੰਪ ਦਾ ਨਾਂ ਨਹੀਂ ਲਿਆ ਪਰੰਤੂ ਉਨਾਂ ਵੱਲੋਂ ਕੀਤੀ ਤੁਲਨਾ ਤੋਂ ਸਾਫ ਸੀ ਕਿ ਉਹ ਕੀ ਕਹਿ ਰਹੇ ਹਨ। ਜੱਜ ਨੇ ਕਿਹਾ ਸਾਡੇ ਦੇਸ਼ ਵਿਚ ਇਸ ਕਿਸਮ ਦੀ ਰਾਜਸੀ ਹਿੰਸਾ ਲਈ ਕੋਈ ਥਾਂ ਨਹੀਂ ਹੈ।