#AMERICA

ਅਮਰੀਕਾ ਵਿਚ ਅੱਤ ਦੀ ਗਰਮੀ ਵਿਚ ਕਾਰ ਵਿੱਚ ਛੱਡੀ 2 ਸਾਲਾ ਬੱਚੀ ਦੀ ਹੋਈ ਮੌਤ, ਮਾਮਲੇ ਦੀ ਪੁਲਿਸ ਕਰੇਗੀ ਜਾਂਚ

ਸੈਕਰਾਮੈਂਟੋ , ਕੈਲੀਫੋਰਨੀਆ, 15 ਜੁਲਾਈ  (ਹੁਸਨ ਲੜੋਆ ਬੰਗਾ/ਪੰਜਾਬ ਮੇਲ) – ਐਰੀਜ਼ੋਨਾ ਵਿਚ ਬੀਤੇ ਦਿਨ ਇਕ ਪਿਤਾ ਵੱਲੋਂ ਆਪਣੀ ਸੁੱਤੀ ਪਈ 2 ਸਾਲਾਂ ਦੀ ਧੀ ਨੂੰ ਅੱਤ ਦੀ ਗਰਮੀ ਵਿਚ ਕਾਰ ਵਿੱਚ ਛੱਡਣ ਉਪਰੰਤ ਉਸ ਦੀ ਮੌਤ ਹੋਣ ਦੀ ਖਬਰ ਹੈ। ਮਰਾਨਾ ਪੁਲਿਸ ਅਨੁਸਾਰ ਮੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਟਕਸਨ ਦੇ ਬਾਹਰਵਾਰ ਜਿਸ ਸਮੇ ਬੱਚੀ ਦਾ ਪਿਤਾ ਘਰ ਪੁੱਜਾ ਤਾਂ ਬੱਚੀ ਕਾਰ ਵਿਚ ਸੁੱਤੀ ਪਈ ਸੀ। ਉਹ ਸੁੱਤੀ ਪਈ ਬੱਚੀ ਨੂੰ ਚੱਲਦੀ ਕਾਰ ਤੇ ਏਅਰਕੰਡੀਸ਼ਨ ਵਿੱਚ ਛੱਡ ਕੇ ਘਰ ਦੇ ਅੰਦਰ ਚਲਾ ਗਿਆ। ਪੁਲਿਸ ਅਨੁਸਾਰ ਅਚਾਨਕ ਮਾਂ ਘਰ ਆਈ ਤਾਂ ਉਸ ਨੂੰ ਬੇਸੁੱਧ ਬੱਚੀ ਕਾਰ ਵਿਚ ਮਿਲੀ। ਪੁਲਿਸ ਦਾ ਕਹਿਣਾ ਹੈ ਕਿ ਉਸ ਸਮੇ ਕਾਰ ਤੇ ਏਅਰਕੰਡੀਸ਼ਨ ਬੰਦ ਸੀ। ਕਿਸੇ ਵੱਲੋਂ ਸੂਚਨਾ ਦੇਣ ‘ਤੇ ਪੁਲਿਸ ਸ਼ਾਮ 4 ਵਜੇ ਬਾਅਦ ਘਟਨਾ ਸਥਾਨ ‘ਤੇ ਪੁੱਜੀ। ਪੁਲਿਸ ਅਨੁਸਾਰ ਬੱਚੀ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੂੰ ਬਚਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਰਹੀਆਂ। ਪੁਲਿਸ ਦਾ ਕਹਿਣਾ ਹੈ ਕਿ ਬੱਚੀ 30 ਮਿੰਟਾਂ ਤੋਂ 60 ਮਿੰਟ ਤੱਕ ਕਾਰ ਵਿਚ ਰਹੀ। ਮਰਾਨਾ ਪੁਲਿਸ ਕੈਪਟਨ ਟਿਮ ਬਰੂਨੇਨਕੰਤ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਸਬੰਧ ਵਿਚ ਬੱਚੀ ਦੇ ਪਿਤਾ, ਮੌਕੇ ਦੇ ਗਵਾਹਾਂ ਤੇ ਆਸ ਪਾਸ ਦੇ ਲੋਕਾਂ ਦੇ ਬਿਆਨ ਲਏ ਜਾ ਰਹੇ ਹਨ। ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।