#AMERICA

ਅਮਰੀਕਾ ਵਰਗੇ ਅਮੀਰ ਦੇਸ਼ ‘ਚ ਲੱਖਾਂ ਲੋਕ ਬੇਘਰ, ਰੋਜ਼ਾਨਾ ਵਧ ਰਹੀ ਗਿਣਤੀ

ਸ਼ਿਕਾਗੋ, 1 ਫਰਵਰੀ (ਪੰਜਾਬ ਮੇਲ)- ਹਰ ਇਨਸਾਨ ਨੂੰ ਜਿਊਂਦੇ ਰਹਿਣ ਲਈ ਭੋਜਨ, ਕੱਪੜਾ ਅਤੇ ਮਕਾਨ ਦੀ ਲੋੜ ਹੁੰਦੀ ਹੈ, ਜਿਸ ਕੋਲ ਇਹ ਤਿੰਨ ਚੀਜ਼ਾਂ ਨਹੀਂ ਹੁੰਦੀਆਂ ਉਸਦੀ ਜ਼ਿੰਦਗੀ ਨਰਕ ਵਰਗੀ ਹੋ ਜਾਂਦੀ ਹੈ। ਬੇਘਰ ਲੋਕ ਸਿਰਫ਼ ਭਾਰਤ ‘ਚ ਹੀ ਨਹੀਂ ਹਨ, ਅਮਰੀਕਾ ਵਰਗੇ ਦੇਸ਼ ‘ਚ ਵੀ ਅਜਿਹੇ ਲੋਕਾਂ ਦੀ ਗਿਣਤੀ ਲਗਭਗ 7 ਲੱਖ ਹੈ ਅਤੇ ਇਹ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ। ਇਸ ਦਾ ਮੁੱਖ ਕਾਰਨ ਘਰਾਂ ਦੇ ਵਧ ਰਹੇ ਕਿਰਾਏ ਹਨ ਜੋ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ ਅਤੇ ਉਨ੍ਹਾਂ ਨੂੰ ਹੋਮ ਸ਼ੈਲਟਰਾਂ, ਫਲਾਈਓਵਰਾਂ ਦੇ ਹੇਠਾਂ ਅਤੇ ਸੜਕਾਂ ‘ਤੇ ਸੌਣ ਲਈ ਮਜਬੂਰ ਹੋਣਾ ਪੈਂਦਾ ਹੈ। ਸਭ ਤੋਂ ਵੱਧ ਬੇਘਰ ਲੋਕ ਅਮਰੀਕਾ ਦੇ ਸ਼ਹਿਰ ਨਿਊਯਾਰਕ ਅਤੇ ਕੈਲੀਫੋਰਨੀਆ ‘ਚ ਪਾਏ ਜਾਂਦੇ ਹਨ। ਬਹੁਤ ਸਾਰੇ ਬੇਘਰ ਲੋਕ ਆਪਣੇ ਰਿਸ਼ਤੇਦਾਰਾਂ ਦੇ ਘਰ ਰਹਿਣ ਲਈ ਚਲੇ ਜਾਂਦੇ ਹਨ ਜਦੋਂ ਤੱਕ ਉਹ ਆਪਣਾ ਘਰ ਨਹੀਂ ਲੈ ਲੈਂਦੇ। ਕਈ ਲੋਕ ਨਸ਼ੇ ਕਾਰਣ ਜਾਂ ਮਾਨਸਿਕ ਸੰਤੁਲਨ ਗੁਆ ਦੇਣ ‘ਤੇ ਵੀ ਬੇਘਰ ਹੋ ਜਾਂਦੇ ਹਨ ਅਤੇ ਟੀ.ਬੀ., ਐੱਚ.ਆਈ.ਵੀ. ਅਤੇ ਇਨਫੈਕਸ਼ਨ ਰੋਗਾਂ ਦੇ ਵੀ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਲੋਕਾਂ ਦਾ ਇਲਾਜ ਨਾ ਹੋਣ ਕਾਰਨ ਉਨ੍ਹਾਂ ਦੀ ਮੌਤ ਵੀ ਹੋ ਜਾਂਦੀ ਹੈ।
ਯੂ. ਐੱਸ. ਹਾਊਸਿੰਗ ਡਿਵੈਲਪਮੈਂਟ ਵਿਭਾਗ ਨੇ ਅਮਰੀਕਾ ‘ਚ ਬੇਘਰ ਲੋਕਾਂ ਲਈ 11,000 ਸ਼ੈਲਟਰ ਹੋਮ ਬਣਾਏ ਹਨ। ਫਿਰ ਵੀ ਬਹੁਤ ਸਾਰੇ ਲੋਕ ਸ਼ੈਲਟਰਾਂ ਦੇ ਬਾਹਰ, ਸੜਕਾਂ ਤੇ ਅਤੇ ਗੱਡੀਆਂ ‘ਚ ਸੌਣ ਲਈ ਮਜਬੂਰ ਹਨ। ਵਿਭਾਗ ਦੇ ਬੁਲਾਰੇ ਅਨੁਸਾਰ ਬੇਘਰੇ ਲੋਕਾਂ ਦੀਆਂ ਰਿਹਾਇਸ਼ੀ ਲੋੜਾਂ ਪੂਰੀਆਂ ਕਰਨ ਲਈ 2000 ਕਰੋੜ ਡਾਲਰ ਦੀ ਲੋੜ ਹੈ। ਵਿਭਾਗ ਵੱਲੋਂ ਲੋੜਵੰਦ ਬੇਘਰੇ ਲੋਕਾਂ ਨੂੰ ਸੈਕਸ਼ਨ 8 ਦੇ ਵਾਊਚਰ ਰਾਹੀਂ ਉਨ੍ਹਾਂ ਦੇ ਕਿਰਾਏ ਦੀ ਰਕਮ ਵੀ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਭੋਜਨ ਪੈਂਟਰੀ ਰਾਹੀਂ ਭੋਜਨ ਵੀ ਮੁਹੱਈਆ ਕਰਵਾਇਆ ਜਾਂਦਾ। ਅੰਕੜਿਆਂ ਮੁਤਾਬਕ ਪਿਛਲੇ ਸਾਲ ਨਾਲੋਂ ਬੇਘਰੇ ਲੋਕਾਂ ਦੀ ਗਿਣਤੀ 12 ਫੀਸਦੀ ਵਧੀ ਹੈ। ਜ਼ਿਆਦਾਤਰ ਲੋਕ ਕੰਮ ਨਾ ਹੋਣ ਕਾਰਨ ਬੇਘਰ ਹੋ ਜਾਂਦੇ ਹਨ ਅਤੇ ਜੇਕਰ ਉਹ ਕਿਤੇ ਕੰਮ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਉਸ ਲਈ ਆਈ. ਡੀ. ਅਤੇ ਪਤੇ ਦੀ ਲੋੜ ਪੈਂਦੀ ਹੈ ਜੋਕਿ ਉਨ੍ਹਾਂ ਕੋਲ ਨਹੀਂ ਹੁੰਦਾ। ਜ਼ਿਆਦਾਤਰ ਬਜ਼ੁਰਗ ਨਾਗਰਿਕ ਬੇਘਰ ਪਾਏ ਜਾਂਦੇ ਹਨ ਅਤੇ ਜੋ ਕਈ ਵਾਰ ਅਪਰਾਧੀਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਮਕਾਨ ਉਸਾਰੀ ਅਤੇ ਵਿਕਾਸ ਵਿਭਾਗ ਬੇਘਰੇ ਲੋਕਾਂ ਨੂੰ ਮਕਾਨ ਮੁਹੱਈਆ ਕਰਵਾਉਣ ਲਈ ਸਮੇਂ-ਸਮੇਂ ‘ਤੇ ਸਰਕਾਰ ਨੂੰ ਸੁਚੇਤ ਕਰਦਾ ਰਹਿੰਦਾ ਹੈ ਅਤੇ ਮਕਾਨਾਂ ਦਾ ਬਜਟ ਵਧਾਉਣ ਅਤੇ ਬੇਘਰੇ ਲੋਕਾਂ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਸੁਝਾਅ ਦਿੰਦਾ ਰਹਿੰਦਾ ਹੈ।