ਵਾਸ਼ਿੰਗਟਨ, 23 ਅਗਸਤ (ਪੰਜਾਬ ਮੇਲ)-ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਵਪਾਰਕ ਟਰੱਕ ਡਰਾਈਵਰਾਂ ਲਈ ਵਰਕਰ ਵੀਜ਼ਾ ਜਾਰੀ ਕਰਨਾ ਬੰਦ ਕਰ ਰਿਹਾ ਹੈ। ਇਸ ਕਦਮ ਦਾ ਉਨ੍ਹਾਂ ਭਾਰਤੀ ਡਰਾਈਵਰਾਂ ‘ਤੇ ਕਾਫੀ ਪ੍ਰਭਾਵ ਪੈ ਸਕਦਾ ਹੈ, ਜੋ ਅਮਰੀਕੀ ਟਰਾਂਸਪੋਰਟ ਇੰਡਸਟਰੀ ਵਿਚ ਕੰਮ ਕਰਨ ਦੀ ਉਮੀਦ ਕਰ ਰਹੇ ਸਨ। ਇਹ ਹੁਕਮ ਬੀਤੇ ਸ਼ਨੀਵਾਰ ਨੂੰ ਫਲੋਰਿਡਾ ਦੇ ਟਰਨਟਾਈਪ ‘ਤੇ ਵਾਪਰੇ ਹਾਦਸੇ ਤੋਂ ਤੁਰੰਤ ਬਾਅਦ ਆਇਆ ਹੈ, ਜਿਸ ਵਿਚ ਪੰਜਾਬੀ ਮੂਲ ਦੇ ਇਕ ਟਰੱਕ ਡਰਾਈਵਰ ਵੱਲੋਂ ਗੈਰ-ਕਾਨੂੰਨੀ ਯੂ-ਟਰਨ ਲੈਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਸੀ।
ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇਸ ਕਦਮ ਦਾ ਐਲਾਨ ਕਰਦੇ ਹੋਏ, ਰੂਬੀਓ ਨੇ ਕਿਹਾ ਕਿ ਇਹ ਬਦਲਾਅ ਤੁਰੰਤ ਲਾਗੂ ਹੋ ਰਿਹਾ ਹੈ। ਉਨ੍ਹਾਂ ਕਿਹਾ, ”ਅਮਰੀਕੀ ਸੜਕਾਂ ‘ਤੇ ਵੱਡੇ ਟਰੈਕਟਰ-ਟ੍ਰੇਲਰ ਚਲਾਉਣ ਵਾਲੇ ਵਿਦੇਸ਼ੀ ਡਰਾਈਵਰਾਂ ਦੀ ਵੱਧ ਰਹੀ ਗਿਣਤੀ ਅਮਰੀਕੀ ਨਾਗਰਿਕਾਂ ਦੀ ਜਾਨ ਨੂੰ ਖਤਰੇ ਵਿਚ ਪਾ ਰਹੀ ਹੈ ਅਤੇ ਅਮਰੀਕੀ ਟਰੱਕ ਡਰਾਈਵਰਾਂ ਦੀ ਰੋਜ਼ੀ-ਰੋਟੀ ਨੂੰ ਨੁਕਸਾਨ ਪਹੁੰਚਾ ਰਹੀ ਹੈ।”
ਵਿਦੇਸ਼ ਵਿਭਾਗ ਨੇ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ ਕਿ ਅਮਰੀਕਾ ਵਿਚ ਕਿੰਨੇ ਵਿਦੇਸ਼ੀ ਟਰੱਕ ਡਰਾਈਵਰ ਕੰਮ ਕਰ ਰਹੇ ਹਨ। ਟਰੰਪ ਪ੍ਰਸ਼ਾਸਨ ਨੇ ਪਿਛਲੇ ਕੁਝ ਮਹੀਨਿਆਂ ਵਿਚ ਇਹ ਯਕੀਨੀ ਬਣਾਉਣ ਲਈ ਕਦਮ ਚੁੱਕੇ ਹਨ ਕਿ ਟਰੱਕ ਡਰਾਈਵਰ ਅੰਗਰੇਜ਼ੀ ਬੋਲਣ ਅਤੇ ਪੜ੍ਹਨ ਵਿਚ ਮਾਹਰ ਹੋਣ। ਆਵਾਜਾਈ ਵਿਭਾਗ ਨੇ ਕਿਹਾ ਕਿ ਇਸਦਾ ਉਦੇਸ਼ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣਾ ਹੈ, ਕਿਉਂਕਿ ਡਰਾਈਵਰਾਂ ਦੀ ਅੰਗਰੇਜ਼ੀ ਬੋਲਣ ਜਾਂ ਸੰਕੇਤ ਪੜ੍ਹਨ ਵਿਚ ਅਸਮਰੱਥਾ ਕਾਰਨ ਸੜਕ ਹਾਦਸਿਆਂ ਵਿਚ ਬਹੁਤ ਸਾਰੇ ਲੋਕਾਂ ਦੀ ਜਾਨ ਗਈ ਹੈ।
ਅਮਰੀਕਾ ਵਪਾਰਕ ਟਰੱਕ ਡਰਾਈਵਰਾਂ ਲਈ ਜਾਰੀ ਨਹੀਂ ਕਰੇਗਾ ਵਰਕ ਵੀਜ਼ਾ
