-ਪੂਤਿਨ ਸਮਝੌਤਾ ਇਕ ਸਾਲ ਹੋਰ ਵਧਾਉਣ ਦੇ ਹਾਮੀ, ਟਰੰਪ ਇਨਕਾਰੀ
ਵਾਸ਼ਿੰਗਟਨ/ਵੈਟੀਕਨ ਸ਼ਹਿਰ, 5 ਫਰਵਰੀ (ਪੰਜਾਬ ਮੇਲ)- ਰੂਸ ਤੇ ਅਮਰੀਕਾ ਦਰਮਿਆਨ ਪਰਮਾਣੂ ਹਥਿਆਰਾਂ ਨੂੰ ਲੈ ਕੇ ਹੋਇਆ ਸਮਝੌਤਾ ‘ਨਿਊ ਸਟਾਰਟ’ ਵੀਰਵਾਰ ਨੂੰ ਖ਼ਤਮ ਹੋ ਰਿਹਾ ਹੈ। ਇਸ ਨਾਲ ਅੱਧੀ ਸਦੀ ਮਗਰੋਂ ਪਹਿਲੀ ਵਾਰ ਦੋ ਸਭ ਤੋਂ ਵੱਡੇ ਪਰਮਾਣੂ ਹਥਿਆਰਾਂ ਦੇ ਜ਼ਖੀਰਿਆਂ ‘ਤੇ ਕੋਈ ਵੀ ਰੋਕ ਨਹੀਂ ਰਹੇਗੀ। ਸਮਝੌਤੇ ਦਾ ਭੋਗ ਪੈਣ ਨਾਲ ਨਵੇਂ ਪਰਮਾਣੂ ਹਥਿਆਰਾਂ ਦੀ ਦੌੜ ਲੱਗ ਸਕਦੀ ਹੈ, ਜਿਸ ਦਾ ਕਈ ਲੋਕਾਂ ਨੂੰ ਡਰ ਸਤਾ ਰਿਹਾ ਹੈ। ਇਸ ਦੌਰਾਨ ਪੋਪ ਲੀਓ ਨੇ ਰੂਸ ਅਤੇ ਅਮਰੀਕਾ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਸਮਝੌਤਾ ਨਵਿਆਉਣ।
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਐਲਾਨ ਕੀਤਾ ਹੈ ਕਿ ਜੇ ਅਮਰੀਕਾ ਹਾਮੀ ਭਰੇ, ਤਾਂ ਉਹ ਇਸ ਸਮਝੌਤੇ ਦੀਆਂ ਸ਼ਰਤਾਂ ਇਕ ਸਾਲ ਹੋਰ ਮੰਨਣ ਲਈ ਤਿਆਰ ਹਨ; ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇਸ ਨੂੰ ਅੱਗੇ ਵਧਾਉਣ ਤੋਂ ਇਨਕਾਰੀ ਹਨ। ਵ੍ਹਾਈਟ ਹਾਊਸ ਦੇ ਅਧਿਕਾਰੀ ਨੇ ਆਪਣਾ ਨਾਂ ਨਸ਼ਰ ਨਾ ਕਰਨ ਦੀ ਸ਼ਰਤ ‘ਤੇ ਕਿਹਾ ਕਿ ਟਰੰਪ ਵਾਰ-ਵਾਰ ਇਸ਼ਾਰਾ ਕਰ ਚੁੱਕੇ ਹਨ ਕਿ ਉਹ ਪਰਮਾਣੂ ਹਥਿਆਰਾਂ ਲਈ ਹੱਦ ਤੈਅ ਕਰਨ ਨਾਲ ਹਥਿਆਰ ਕੰਟਰੋਲ ਬਾਰੇ ਇਸ ਗੱਲਬਾਤ ਵਿਚ ਚੀਨ ਨੂੰ ਸ਼ਾਮਲ ਕਰਨਾ ਚਾਹੁੰਦੇ ਹਨ। ਅਧਿਕਾਰੀ ਨੇ ਕਿਹਾ ਕਿ ਟਰੰਪ ਇਸ ਬਾਰੇ ਆਪਣੇ ਹਿਸਾਬ ਨਾਲ ਫ਼ੈਸਲਾ ਕਰਨਗੇ।
ਉੱਧਰ, ਪੇਈਚਿੰਗ ਆਪਣੇ ਛੋਟੇ ਪਰ ਵਧ ਰਹੇ ਪਰਮਾਣੂ ਹਥਿਆਰਾਂ ‘ਤੇ ਕਿਸੇ ਵੀ ਤਰ੍ਹਾਂ ਦੀਆਂ ਪਾਬੰਦੀਆਂ ਤੋਂ ਟਾਲ-ਮਟੋਲ ਕਰ ਰਿਹਾ ਹੈ। ਕ੍ਰੈਮਲਿਨ ਦੇ ਤਰਜਮਾਨ ਦਮਿਤਰੀ ਪੈਸਕੋਵ ਨੇ ਕਿਹਾ ਕਿ ਜੇ ਅਮਰੀਕਾ ਤੇ ਰੂਸ ਦੇ ਪਰਮਾਣੂ ਹਥਿਆਰਾਂ ਦੇ ਜ਼ਖੀਰੇ ਲਈ ਕੋਈ ਹੱਦ ਤੈਅ ਨਾ ਕੀਤੀ ਗਈ, ਤਾਂ ਇਹ ‘ਵਧੇਰੇ ਖ਼ਤਰਨਾਕ’ ਦੁਨੀਆਂ ਹੋਵੇਗੀ।
ਅਮਰੀਕਾ-ਰੂਸ ਪਰਮਾਣੂ ਸਮਝੌਤੇ ਦੀ ਮਿਆਦ ਖ਼ਤਮ

